ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ 'ਚ ਹਾਵੜਾ-ਚੇਨਈ ਲਾਈਨ 'ਤੇ ਐਤਵਾਰ ਨੂੰ ਹੋਏ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ 13 ਹੋ ਗਈ ਹੈ, ਜਦਕਿ 50 ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਪੁਲਿਸ ਸੁਪਰਡੈਂਟ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਭਿਆਨਕ ਹਾਦਸੇ ਤੋਂ ਬਾਅਦ 18 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ 22 ਟਰੇਨਾਂ ਦਾ ਰੂਟ ਬਦਲ ਦਿੱਤਾ ਗਿਆ।
ਤਿੰਨ ਡੱਬੇ ਪਟੜੀ ਤੋਂ ਉਤਰੇ
ਈਸਟ ਕੋਸਟ ਰੇਲਵੇ ਦੇ ਸੀਪੀਆਰਓ ਵਿਸ਼ਵਜੀਤ ਸਾਹੂ ਨੇ ਇਹ ਜਾਣਕਾਰੀ ਦਿੱਤੀ। ਵਿਜਿਆਨਗਰਮ ਜ਼ਿਲੇ 'ਚ ਰੇਲ ਹਾਦਸੇ ਤੋਂ ਬਾਅਦ ਨੌਂ ਟਰੇਨਾਂ ਨੂੰ ਵਿਜੇਵਾੜਾ-ਨਾਗਪੁਰ-ਰਾਏਪੁਰ-ਝਾਰਸੁਗੁਡਾ-ਖੜਗਪੁਰ ਰਾਹੀਂ ਮੋੜ ਦਿੱਤਾ ਗਿਆ। ਪੂਰਬੀ ਰੇਲਵੇ (ਈਸੀਆਰ) ਦੇ ਅਧਿਕਾਰੀਆਂ ਨੇ ਦੱਸਿਆ ਕਿ ਪਲਾਸਾ ਯਾਤਰੀ ਰੇਲਗੱਡੀ ਨੇ ਐਤਵਾਰ ਸ਼ਾਮ ਕਰੀਬ 7 ਵਜੇ ਵਿਸ਼ਾਖਾਪਟਨਮ ਤੋਂ 40 ਕਿਲੋਮੀਟਰ ਦੂਰ ਕਾਂਤਾਪੱਲੇ ਵਿਖੇ ਰਾਇਗੜਾ ਯਾਤਰੀ ਰੇਲਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨ ਡੱਬੇ ਪਟੜੀ ਤੋਂ ਉਤਰ ਗਏ।
ਹਾਦਸੇ 'ਚ 50 ਲੋਕ ਜ਼ਖਮੀ
ਰੇਲ ਹਾਦਸੇ 'ਚ ਘੱਟੋ-ਘੱਟ 50 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਵਿਸ਼ਾਖਾਪਟਨਮ ਅਤੇ ਵਿਜਿਆਨਗਰਮ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੇ ਰਾਜ ਦੇ ਅਧਿਕਾਰੀਆਂ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2-2 ਲੱਖ ਰੁਪਏ ਦੇਣ ਦੇ ਹੁਕਮ ਦਿੱਤੇ ਹਨ।