ਫਾਜ਼ਿਲਕਾ ਜ਼ਿਲੇ 'ਚ ਖੇਤ 'ਚੋਂ ਟਰੈਕਟਰ ਕੱਢਣ ਨੂੰ ਲੈ ਕੇ ਗੁਆਂਢੀ ਖੇਤਾਂ ਦੇ ਮਾਲਕਾਂ ਨੇ ਦੂਜੇ ਪਾਸੇ ਤੋਂ ਆਏ ਲੋਕਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਖੇਤ 'ਚ ਟਰੈਕਟਰ ਘੁੰਮਾਉਣ ਦਾ ਕੀਤਾ ਵਿਰੋਧ
ਜਾਣਕਾਰੀ ਦਿੰਦਿਆਂ ਮਦਨ ਪੁੱਤਰ ਪਿਰਥੀ ਲਾਲ ਨੇ ਦੱਸਿਆ ਕਿ ਅੱਜ ਉਹ, ਉਸ ਦਾ ਲੜਕਾ ਪਵਨ ਤੇ ਭਰਜਾਈ ਸੋਮਾ ਪਤਨੀ ਸੁਭਾਸ਼ ਖੇਤ 'ਚ ਸਰ੍ਹੋਂ ਦੀ ਬਿਜਾਈ ਕਰ ਰਹੇ ਸਨ। ਇਸ ਦੌਰਾਨ ਗੁਆਂਢੀ ਖੇਤ ਮਾਲਕ ਨੇ ਕਣਕ ਦੇ ਖੇਤ 'ਚੋਂ ਟਰੈਕਟਰ ਬਾਹਰ ਕੱਢ ਲਿਆ। ਜਿਸ ਕਾਰਨ ਖੇਤ 'ਚ ਖੜ੍ਹੀ ਕਣਕ ਦੀ ਫਸਲ ਖਰਾਬ ਹੋ ਗਈ। ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਗੁਆਂਢੀ ਗੁੱਸੇ 'ਚ ਆ ਕੇ ਜਿਸ ਜਗ੍ਹਾਂ 'ਤੇ ਸਰ੍ਹੋਂ ਦੀ ਬਿਜਾਈ ਕਰ ਰਹੇ ਸਨ , ਉਸ ਦੇ ਉੱਪਰ ਜਾਣਬੁਝ ਕੇ ਟਰੈਕਟਰ ਚਲਾ ਦਿੱਤਾ।
ਦੂਜੇ ਪੱਖ ਦੇ ਤਿੰਨ ਲੋਕ ਵੀ ਜ਼ਖਮੀ
ਇਸ ਦੌਰਾਨ ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਗੁਆਂਢੀ ਖੇਤ ਮਾਲਕ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ 3 ਲੋਕ ਜ਼ਖਮੀ ਹੋ ਗਏ। ਤਿੰਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਦੇ ਤਿੰਨ ਲੋਕ ਵੀ ਜ਼ਖਮੀ ਹੋਏ ਹਨ।
ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ
ਡਾਕਟਰ ਨੇ ਦੱਸਿਆ ਕਿ ਇਸ ਮਾਮਲੇ 'ਚ ਕੁੱਲ 6 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿਸ 'ਚ ਮਦਨ ਦੇ ਸਿਰ ਵਿੱਚ ਡੂੰਘੀਆਂ ਸੱਟਾਂ ਲੱਗਣ ਕਾਰਨ ਕਰੀਬ 15 ਟਾਂਕੇ ਲੱਗੇ ਹਨ। ਜਦਕਿ ਪਵਨ ਦੀ ਬਾਂਹ ਵੀ ਟੁੱਟ ਗਈ ਹੈ ਅਤੇ ਸੋਮਾ ਵੀ ਮਾਮੂਲੀ ਜ਼ਖਮੀ ਹੈ।