ਜਲੰਧਰ ਦੇ ਇੱਕ ਨੌਜਵਾਨ ਦੀ ਇੰਗਲੈਂਡ ਵਿੱਚ ਬ੍ਰੇਨ ਹੈਮਰੇਜ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 19 ਸਾਲਾ ਗੁਰਵੰਸ਼ਦੀਪ ਸਿੰਘ ਵਜੋਂ ਹੋਈ ਹੈ। ਗੁਰਵੰਸ਼ਦੀਪ ਲੋਹੀਆਂ ਖਾਸ ਦੇ ਪਿੰਡ ਗਿੱਦੜ ਪਿੰਡੀ ਦਾ ਰਹਿਣ ਵਾਲਾ ਸੀ। ਮ੍ਰਿਤਕ ਪੜ੍ਹਾਈ ਲਈ ਇੰਗਲੈਂਡ ਗਿਆ ਹੋਇਆ ਸੀ ਪਰ ਬੀਤੇ ਦਿਨ ਪਰਿਵਾਰ ਨੂੰ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ।
ਡੇਢ ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵੰਸ਼ਦੀਪ ਸਿੰਘ 13 ਜੁਲਾਈ ਨੂੰ ਭਾਰਤ ਤੋਂ ਇੰਗਲੈਂਡ ਗਿਆ ਸੀ ਅਤੇ 14 ਜੁਲਾਈ ਨੂੰ ਇੰਗਲੈਂਡ ਪਹੁੰਚ ਗਿਆ ਸੀ। ਉਸ ਦੇ ਦੋਸਤਾਂ ਨੇ ਪਰਿਵਾਰ ਨੂੰ ਦੱਸਿਆ ਕਿ ਉਹ ਦੋ-ਤਿੰਨ ਹਫ਼ਤਿਆਂ ਤੋਂ ਠੀਕ ਸੀ, ਪਰ ਬਾਅਦ ਵਿਚ ਉਸ ਦੀ ਸਿਹਤ ਵਿਗੜ ਗਈ। ਗੁਰਵੰਸ਼ਦੀਪ ਨੂੰ 22 ਅਗਸਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਮੁਤਾਬਕ ਉਸ ਨੂੰ ਬ੍ਰੇਨ ਹੈਮਰੇਜ ਹੋ ਗਿਆ ਸੀ। ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਗੁਰਵੰਸ਼ਦੀਪ ਸਿੰਘ ਇੱਕ ਮੱਧਵਰਗੀ ਪਰਿਵਾਰ ਵਿੱਚੋਂ ਸੀ। ਪੁੱਤਰ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਨੇ ਭਾਰਤ ਸਰਕਾਰ ਅਤੇ ਸੰਸਥਾਵਾਂ ਨੂੰ ਉਨ੍ਹਾਂ ਦੇ ਪੁੱਤਰ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ।