ਰੋਪੜ 'ਚ ਐਨਸੀਸੀ ਅਕੈਡਮੀ ਸੀਵਰੇਜ ਦਾ ਕੁਨੈਕਸ਼ਨ ਬਣਾਉਣ ਸਮੇਂ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮ੍ਰਿਤਕਾਂ ਦੀ ਪਛਾਣ ਬਿਹਾਰ ਦੇ ਹੈੱਡ ਕਾਂਸਟੇਬਲ ਪਿੰਟੂ ਅਤੇ ਵਿਨੈ ਭਗਤ ਵਜੋਂ ਹੋਈ ਹੈ।
ਗੈਸ ਲੀਕ ਹੋਣ ਕਾਰਨ ਹੋਈ ਮੌਤ
ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਵਾਂ ਵਿਅਕਤੀਆਂ ਦੀ ਮੌਤ ਗੈਸ ਲੀਕ ਹੋਣ ਕਾਰਨ ਦਮ ਘੁੱਟਣ ਕਾਰਨ ਹੋਈ ਹੈ। ਪਹਿਲਾ ਵਿਅਕਤੀ ਸੀਵਰੇਜ ਲਾਈਨ ਨੂੰ ਜੋੜਨ ਲਈ ਸੀਵਰੇਜ ਟੈਂਕੀ ਕੋਲ ਗਿਆ। ਇਸ ਦੌਰਾਨ ਗੈਸ ਵਧਣ ਕਾਰਨ ਉਸ ਦਾ ਦਮ ਘੁੱਟ ਗਿਆ। ਜਦੋਂ ਇਕ ਹੋਰ ਵਿਅਕਤੀ ਉਸ ਨੂੰ ਬਚਾਉਣ ਗਿਆ ਤਾਂ ਉਸ ਨੂੰ ਵੀ ਗੈਸ ਚੜ੍ਹ ਗਈ ਤੇ ਮੌਤ ਹੋ ਗਈ। ਇੱਕ ਹੋਰ ਵਿਅਕਤੀ ਇਸ ਸਮੇਂ ਰੋਪੜ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਹੈ।
ਡੀਸੀ ਨੇ 2 ਦਿਨਾਂ ਵਿੱਚ ਰਿਪੋਰਟ ਮੰਗੀ
ਐਨਸੀਸੀ ਅਧਿਕਾਰੀ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਨਹੀਂ ਦੇ ਰਹੇ ਹਨ। ਮੌਕੇ 'ਤੇ ਪਹੁੰਚੇ ਥਾਣਾ ਸਿਟੀ ਦੇ ਐੱਸਐੱਚਓ ਪਵਨ ਕੁਮਾਰ ਨੇ ਦੱਸਿਆ ਕਿ ਘਟਨਾ 'ਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਹਸਪਤਾਲ 'ਚ ਜ਼ੇਰੇ ਇਲਾਜ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀਸੀ ਹਿਮਾਂਸ਼ੂ ਜੈਨ ਨੇ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ ਅਤੇ 48 ਘੰਟਿਆਂ ਵਿੱਚ ਜਾਂਚ ਪੂਰੀ ਕਰਕੇ ਰਿਪੋਰਟ ਸੌਂਪਣ ਲਈ ਕਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਸਬੰਧਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।