ਖਬਰਿਸਤਾਨ ਨੈਟਵਰਕ: ਕਪੂਰਥਲਾ ਨਗਰ ਨਿਗਮ ਕਮਿਸ਼ਨਰ ਵੱਲੋਂ ਸਵੱਛ ਭਾਰਤ ਮੁਹਿੰਮ ਦੌਰਾਨ ਅੱਜ ਸਵੇਰੇ ਕੱਢੀ ਜਾ ਰਹੀ ਕਾਰ ਰੈਲੀ ਅਤੇ ਹਾਊਸ ਕੌਂਸਲਰਾਂ ਨੂੰ ਨਜ਼ਰਅੰਦਾਜ਼ ਕਰਨ ’ਤੇ ਗੁੱਸੇ ਵਿੱਚ ਕਾਂਗਰਸੀ ਮੇਅਰ ਤੇ ਕੌਂਸਲਰਾਂ ਨੇ ਕਪੂਰਥਲਾ ਨਗਰ ਨਿਗਮ ਕਮਿਸ਼ਨਰ ਦਾ ਘਿਰਾਓ ਕੀਤਾ ਅਤੇ ਕਮਿਸ਼ਨਰ ਦਫ਼ਤਰ ਦੇ ਬਾਹਰ ਕਰੀਬ ਢਾਈ ਘੰਟੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਕਾਂਗਰਸੀਆਂ ਦੇ ਵਿਰੋਧ ਨੂੰ ਦੇਖਦਿਆਂ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ।

ਦੱਸ ਦੇਈਏ ਕਿ ਸਵੱਛ ਭਾਰਤ ਮੁਹਿੰਮ ਤਹਿਤ ਅੱਜ ਸਵੇਰੇ 9 ਵਜੇ ਕਪੂਰਥਲਾ ਨਗਰ ਨਿਗਮ ਵੱਲੋਂ ਸ਼ਾਲਾਮਾਰ ਬਾਗ ਤੋਂ ਡੀਸੀ ਚੌਕ ਤੱਕ ਕਾਰ ਰੈਲੀ ਕੱਢੀ ਜਾਣੀ ਸੀ। ਪਰ ਨਿਗਮ ਦੇ ਮੇਅਰ, ਕਾਂਗਰਸੀ ਕੌਂਸਲਰਾਂ ਅਤੇ ਆਗੂਆਂ ਵੱਲੋਂ ਹਾਊਸ ਕੌਂਸਲਰਾਂ ਨੂੰ ਨਾ ਬੁਲਾਏ ਜਾਣ ਅਤੇ ਹੋਰ ਵਿਕਾਸ ਮੁੱਦਿਆਂ ’ਤੇ ਰੋਸ ਪ੍ਰਗਟ ਕਰਦਿਆਂ ਨਿਗਮ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕਰਕੇ ਦਫ਼ਤਰ ਦੇ ਬਾਹਰ ਹੰਗਾਮਾ ਕੀਤਾ। ਅਤੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਧਰਨੇ ਦੀ ਪ੍ਰਧਾਨਗੀ ਕਰ ਰਹੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਨੇ ਕਿਹਾ ਕਿ ਨਿਗਮ ਪ੍ਰਸ਼ਾਸਨ ਵੱਲੋਂ ਮੇਅਰ ਅਤੇ ਹਾਊਸ ਦੇ ਕੌਂਸਲਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਕਾਰਜਕਾਲ ਦੌਰਾਨ ਲਗਾਏ ਗਏ ਵਾਟਰ ਪੰਪ ਵੀ ਚਾਲੂ ਨਹੀਂ ਕੀਤੇ ਗਏ ਅਤੇ ਹੋਰ ਕਈ ਵਿਕਾਸ ਕਾਰਜਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਵੀ ਸਹੀ ਸਹੂਲਤ ਨਹੀਂ ਮਿਲ ਰਹੀ। ਕਾਂਗਰਸੀ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਸਵੱਛ ਭਾਰਤ ਮੁਹਿੰਮ ਦੌਰਾਨ ਕੱਢੀ ਜਾਣ ਵਾਲੀ ਕਾਰ ਰੈਲੀ ਸਬੰਧੀ ਮੇਅਰ ਤੇ ਕੌਂਸਲਰਾਂ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ।
ਦੂਜੇ ਪਾਸੇ ਨਿਗਮ ਕਮਿਸ਼ਨਰ ਦਫ਼ਤਰ ਦੇ ਬਾਹਰ ਕਰੀਬ ਢਾਈ ਘੰਟੇ ਤੱਕ ਚੱਲੇ ਧਰਨੇ ਤੋਂ ਬਾਅਦ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਸੱਦਾ ਪੱਤਰ ਨਾ ਮਿਲਣ ਦਾ ਕਾਰਨ ਕਮਿਊਨੀਕੇਸ਼ਨ ਗੈਪ ਦੱਸਿਆ। ਨਿਗਮ ਕਮਿਸ਼ਨਰ ਨੇ ਇਹ ਵੀ ਭਰੋਸਾ ਦਿੱਤਾ ਕਿ ਸ਼ਹਿਰ ਦੇ ਪਾਣੀ ਦੇ ਪੰਪ ਡੇਢ ਮਹੀਨੇ ਦੇ ਅੰਦਰ ਅੰਦਰ ਸੁਚਾਰੂ ਢੰਗ ਨਾਲ ਚਲਾ ਦਿੱਤੇ ਜਾਣਗੇ। ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।