ਖ਼ਬਰਿਸਤਾਨ ਨੈੱਟਵਰਕ: ਜਲੰਧ- ਫਿਲੌਰ ਹਾਈਵੇਅ ‘ਤੇ ਅੱਜ ਤੜਕਸਾਰ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਡਰਾਈਵਰ ਦੀ ਲਾਪਰਵਾਹੀ ਕਾਰਣ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਇੱਕ ਵੱਡਾ ਟਰੈਕਟਰ-ਟਰਾਲਾ ਹਾਈਵੇਅ ਦੀ ਰੇਲਿੰਗ ਤੋੜਦਾ ਹੋਇਆ ਹਵਾ ਵਿੱਚ ਲਟਕ ਗਿਆ। ਇਸ ਘਟਨਾ ਤੋਂ ਬਾਅਦ ਹਾਈਵੇਅ ‘ਤੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਡਰਾਈਵਰ ਵਾਲ-ਵਾਲ ਬਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਮੌਕੇ ‘ਤੇ ਪਹੁੰਚੀ ਪੁਲਿਸ ਨੇ 3 ਕ੍ਰੇਨਾਂ ਮੰਗਵਾ ਕੇ ਹਵਾ ਵਿੱਚ ਲਟਕੇ ਟਰਾਲੇ ਨੂੰ ਹਟਾਉਣ ਲਈ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਹੈ। ਹਾਲਾਂਕਿ, ਟਰਾਲੇ ਦਾ ਭਾਰ ਜ਼ਿਆਦਾ ਹੋਣ ਕਾਰਨ ਟੀਮਾਂ ਨੂੰ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਕ੍ਰੇਨ ਚਾਲਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਨੂੰ ਸਵੇਰੇ 5:30 ਵਜੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚ ਗਏ।
ਦੂਜੇ ਪਾਸੇ ਬੱਸ ਡਰਾਈਵਰ ਗੁਰਜੀਤ ਸਿੰਘ ਨੇ ਦੱਸਿਆ ਕਿ ਡਰਾਈਵਰ ਨੂੰ ਨੀਂਦ ਦਾ ਝੋਕਾ ਆਉਣ ਕਾਰਨ ਟਰਾਲਾ ਬੇਕਾਬੂ ਹੋ ਗਿਆ, ਜਿਸ ਕਾਰਨ ਜਾਮ ਲੱਗ ਗਿਆ। ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ 3 ਕ੍ਰੇਨਾਂ ਲੱਗੀਆਂ ਹੋਈਆਂ ਹਨ, ਪਰ ਟਰਾਲਾ ਭਾਰੀ ਹੋਣ ਕਰਕੇ ਮਸ਼ੀਨਾਂ ਭਾਰ ਨਹੀਂ ਚੁੱਕ ਪਾ ਰਹੀਆਂ। ਇੱਕ ਚਸ਼ਮਦੀਦ ਮੁਤਾਬਕ ਇਹ ਹਾਦਸਾ ਰਾਤ ਕਰੀਬ 3 ਵਜੇ ਵਾਪਰਿਆ ਸੀ।