ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਇੱਕ ਹੈਰਾਨ ਕਰਨ ਵਾਲਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ, ਇੱਕ ਔਰਤ ਨੇ ਆਪਣੇ ਪਤੀ ਸੁਰਿੰਦਰ ਕੁਮਾਰ ਸ਼ਰਮਾ ਦੀ ਕਥਿਤ ਤੌਰ ‘ਤੇ ਹੱਤਿਆ ਕਰਕੇ ਉਸ ਦੀ ਲਾਸ਼ ਘਰ ਦੇ ਬਾਥਰੂਮ ਵਿੱਚ ਦੱਬ ਦਿੱਤੀ। ਇਸ ਤੋਂ ਬਾਅਦ ਬਾਥਰੂਮ ਦਾ ਫਰਸ਼ ਮੁੜ ਬਣਵਾ ਕੇ ਉਸ ‘ਤੇ ਟਾਇਲਾਂ ਲਗਵਾ ਦਿੱਤੀਆਂ।
ਦੋਸ਼ ਹੈ ਕਿ ਔਰਤ ਕਰੀਬ 45 ਦਿਨਾਂ ਤੱਕ ਉਸੇ ਬਾਥਰੂਮ ਦੀ ਵਰਤੋਂ ਕਰਦੀ ਰਹੀ ਅਤੇ ਪਰਿਵਾਰ ਤੇ ਪੁਲਿਸ ਨੂੰ ਪਤੀ ਦੇ ਲਾਪਤਾ ਹੋਣ ਦੀ ਕਹਾਣੀ ਸੁਣਾਉਂਦੀ ਰਹੀ। ਜਾਂਚ ਦੌਰਾਨ ਉਹ ਪੁਲਿਸ ਨਾਲ ਸੀਸੀਟੀਵੀ ਫੁਟੇਜ ਵੀ ਦੇਖਦੀ ਰਹੀ ਅਤੇ ਰੋਣ ਦਾ ਨਾਟਕ ਕਰਦੀ ਰਹੀ।
ਪੁਲਿਸ ਅਨੁਸਾਰ, ਔਰਤ ਦੇ ਵਿਵਹਾਰ ‘ਤੇ ਉਸ ਦੇ ਜੇਠ ਨੂੰ ਸ਼ੱਕ ਹੋਇਆ। ਭਰੋਸਾ ਦੇਣ ਤੋਂ ਬਾਅਦ ਔਰਤ ਨੇ ਕਥਿਤ ਤੌਰ ‘ਤੇ ਕਤਲ ਕਰਨ ਦੀ ਗੱਲ ਕਬੂਲ ਕਰ ਲਈ। ਉਸ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਬਾਥਰੂਮ ਦਾ ਫਰਸ਼ ਤੋੜਿਆ, ਜਿੱਥੋਂ ਮਨੁੱਖੀ ਕੰਕਾਲ ਬਰਾਮਦ ਹੋਇਆ। ਅਵਸ਼ੇਸ਼ਾਂ ਨੂੰ ਡੀਐਨਏ ਅਤੇ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।
ਮੁੱਢਲੀ ਪੁੱਛਗਿੱਛ ਵਿੱਚ ਔਰਤ ਨੇ ਦਾਅਵਾ ਕੀਤਾ ਕਿ ਉਸ ਦਾ ਪਤੀ ਸ਼ਰਾਬ ਪੀ ਕੇ ਅਕਸਰ ਉਸ ਨਾਲ ਕੁੱਟਮਾਰ ਕਰਦਾ ਸੀ। ਇਸ ਕਾਰਨ ਉਸ ਨੇ ਕਥਿਤ ਤੌਰ ‘ਤੇ ਖੀਰ ਵਿੱਚ 18 ਤੋਂ ਵੱਧ ਨੀਂਦ ਦੀਆਂ ਗੋਲੀਆਂ ਮਿਲਾ ਕੇ ਪਤੀ ਨੂੰ ਖਵਾ ਦਿੱਤੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਰਿਪੋਰਟ, ਡੀਐਨਏ ਟੈਸਟ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।