ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ 'ਚ ਇਕ ਘਰ 'ਚ ਅੱਗ ਲੱਗਣ ਕਾਰਨ ਚਾਰ ਲੋਕ ਜ਼ਿੰਦਾ ਸੜ ਗਏ। ਜਾਣਕਾਰੀ ਅਨੁਸਾਰ ਬਿਜਲੀ ਦੀਆਂ ਤਾਰਾਂ 'ਚ ਸ਼ਾਰਟ ਸਰਕਟ ਹੋਣ ਕਾਰਨ ਘਰ 'ਚ ਅੱਗ ਲੱਗ ਗਈ। ਇਸ ਕਾਰਨ ਘਰ ਦੇ ਇੱਕ ਕਮਰੇ 'ਚ ਸੁੱਤੇ ਚਾਰ ਨੌਜਵਾਨ ਜ਼ਿੰਦਾ ਸੜ ਗਏ। ਸਾਰੇ ਮ੍ਰਿਤਕ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਇੱਕ ਗਾਰਮੈਂਟ ਕੰਪਨੀ 'ਚ ਟੇਲਰ ਦਾ ਕੰਮ ਕਰਦੇ ਸਨ। ਚਾਰੋਂ ਕਿਰਾਏ 'ਤੇ ਰਹਿ ਰਹੇ ਸਨ।
ਮੌਕੇ 'ਤੇ ਨਹੀਂ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ
ਮ੍ਰਿਤਕਾਂ 'ਚੋਂ ਇੱਕ 10ਵੀਂ ਜਮਾਤ ਦਾ ਵਿਦਿਆਰਥੀ ਦੱਸਿਆ ਜਾਂਦਾ ਹੈ। ਉਹ 2 ਹਫ਼ਤੇ ਪਹਿਲਾਂ ਹੀ ਘੁੰਮਣ ਆਇਆ ਸੀ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਕੋਈ ਵੀ ਅੰਦਰ ਨਹੀਂ ਜਾ ਸਕਿਆ। ਫਾਇਰ ਬ੍ਰਿਗੇਡ ਦੀ ਗੱਡੀ ਸਮੇਂ ਸਿਰ ਮੌਕੇ 'ਤੇ ਨਹੀਂ ਪਹੁੰਚੀ। ਆਸ-ਪਾਸ ਦੇ ਲੋਕਾਂ ਨੇ ਬਾਲਟੀਆਂ ਅਤੇ ਪਾਣੀ ਵਾਲੀ ਮੋਟਰ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ।
ਮ੍ਰਿਤਕਾਂ ਦੀ ਹੋਈ ਪਛਾਣ
ਮ੍ਰਿਤਕਾਂ ਦੀ ਪਛਾਣ ਨੂਰ ਆਲਮ, ਮੁਸਤਾਕ, ਅਮਨ ਤੇ ਸਾਹਿਲ ਵਜੋਂ ਹੋਈ ਹੈ। ਪੁਲਿਸ ਨੇ ਇਸ ਹਾਦਸੇ ਦੀ ਸੂਚਨਾ ਪਰਿਵਾਰ ਨੂੰ ਦੇ ਦਿੱਤੀ ਹੈ। ਮੁੱਢਲੀ ਜਾਂਚ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਅਸਲ ਕਾਰਨਾਂ ਦੀ ਪੁਸ਼ਟੀ ਲਈ ਫਾਇਰ ਬ੍ਰਿਗੇਡ ਦੀ ਜਾਂਚ ਜਾਰੀ ਹੈ।
ਅੱਗ ਲੱਗਣ ਕਾਰਨ ਦਮ ਘੁੱਟਣ ਤੇ ਸੜਨ ਕਾਰਨ ਹੋਈ ਮੌਤ
ਜਾਣਕਾਰੀ ਦਿੰਦਿਆਂ ਨੌਜਵਾਨ ਦੇ ਚਾਚੇ ਨੇ ਦੱਸਿਆ ਕਿ ਦੋ ਨੌਜਵਾਨ ਉਸ ਦੇ ਭਰਾ ਦੇ ਪੁੱਤਰ ਸਨ ਅਤੇ ਇੱਕ ਉਸ ਦੇ ਛੋਟੇ ਭਰਾ ਦਾ ਪੁੱਤਰ ਸੀ ਅਤੇ ਇੱਕ ਰਿਸ਼ਤੇਦਾਰ ਸੀ। ਉਨ੍ਹਾਂ ਦੇ ਬੱਚੇ ਨੇ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਤਾਂ ਨੂੰਹ ਪਿੰਡ ਗਈ ਹੋਈ ਸੀ ਜਿਸ ਕਾਰਨ ਚਾਰੇ ਜਣੇ ਇੱਕੋ ਕਮਰੇ ਵਿੱਚ ਸੌਂ ਰਹੇ ਸਨ। ਅੱਗ ਕਾਰਨ ਕਿਸੇ ਨੂੰ ਵੀ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਜਿਸ ਕਾਰਨ ਚਾਰਾਂ ਦੀ ਸੜਨ ਅਤੇ ਦਮ ਘੁੱਟਣ ਕਾਰਨ ਮੌਤ ਹੋ ਗਈ।