ਹਰਿਆਣਾ ਦੇ ਪਾਣੀਪਤ 'ਚ NH44 ਜੀ ਟੀ ਰੋਡ 'ਤੇ ਦੇਰ ਰਾਤ ਹਾਈਵੇਅ 'ਤੇ ਜਾ ਰਹੀ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕਾਰ ਸਵਾਰ ਨੌਜਵਾਨ ਜ਼ਿੰਦਾ ਸੜ ਗਿਆ। ਮੌਕੇ ਤੋਂ ਲੰਘ ਰਹੇ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਕੰਟਰੋਲ ਰੂਮ ਦੇ ਨੰਬਰ 'ਤੇ ਦਿੱਤੀ। ਸੂਚਨਾ ਮਿਲਣ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ, ਜਿਸ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਅੱਗ ਬੁਝਾਉਣ ਤੋਂ ਬਾਅਦ ਨੌਜਵਾਨ ਕਾਰ ਦੀ ਡਰਾਈਵਿੰਗ ਸੀਟ 'ਤੇ ਸੜਿਆ ਹੋਇਆ ਮਿਲਿਆ। ਪੁਲਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੱਡੀ ਡਡੌਲਾ ਵਾਸੀ ਦੇ ਇੱਕ ਵਿਅਕਤੀ ਦੀ ਹੈ, ਜੋ ਕਿ ਅਨਿਲ ਕੁਮਾਰ ਦੇ ਨਾਂ ’ਤੇ ਦਰਜ ਹੈ। ਇਹ ਕਾਰ 24 ਅਪ੍ਰੈਲ 2019 ਨੂੰ ਖਰੀਦੀ ਗਈ ਸੀ। ਗੱਡੀ ਦੇ ਸਾਰੇ ਦਸਤਾਵੇਜ਼ ਪੂਰੇ ਹਨ। ਇਸ ਦੇ ਆਧਾਰ 'ਤੇ ਪੁਲਸ ਮ੍ਰਿਤਕ ਦੀ ਪਹਿਚਾਣ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਭਾਲ ਕਰਨ 'ਚ ਲੱਗੀ ਹੋਈ ਹੈ।
ਅੱਗ ਦੇ ਗੋਲੇ 'ਚ ਤਬਦੀਲ ਹੋਈ ਕਾਰ
ਰਾਹਗੀਰਾਂ ਦਾ ਕਹਿਣਾ ਹੈ ਕਿ ਕਾਰ 'ਚ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਸ 'ਚ ਸਵਾਰ ਨੌਜਵਾਨ ਬਾਹਰ ਨਹੀਂ ਨਿਕਲ ਸਕਿਆ। ਕਾਰ ਨੂੰ ਅੱਗ ਲੱਗਣ ਤੋਂ ਬਾਅਦ ਡਰਾਈਵਰ ਆਪਣਾ ਕੰਟਰੋਲ ਗੁਆ ਬੈਠਾ ਅਤੇ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਕੁਝ ਹੀ ਸਮੇਂ ਵਿੱਚ ਕਾਰ ਅੱਗ ਦਾ ਗੋਲਾ ਬਣ ਗਈ। ਪੁਲਸ ਨੇ ਕਿਸੇ ਤਰ੍ਹਾਂ ਲਾਸ਼ ਨੂੰ ਕਾਰ 'ਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ 'ਚ ਸਿਵਲ ਹਸਪਤਾਲ ਪਹੁੰਚਾਇਆ।