ਲੋਕ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲਈ ਅਜੀਬੋ-ਗਰੀਬ ਹਰਕਤਾਂ ਕਰਦੇ ਰਹਿੰਦੇ ਹਨ। ਕੁਝ ਲੋਕਾਂ ਨੂੰ ਇਸ ਦਾ ਨਤੀਜਾ ਵੀ ਭੁਗਤਣਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਲੜਕਾ ਮਸ਼ਹੂਰ ਹੋਣ ਲਈ ਮੂੰਹ ਵਿੱਚ ਕੋਬਰਾ ਸੱਪ ਰੱਖ ਕੇ ਰੀਲ ਬਣਾ ਰਿਹਾ ਸੀ। ਇਸ ਦੌਰਾਨ ਕੋਬਰਾ ਦੇ ਡੰਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ।
20 ਸਾਲ ਸੀ ਨੌਜਵਾਨ ਦੀ ਉਮਰ
ਇਹ ਘਟਨਾ ਤੇਲੰਗਾਨਾ ਦੇ ਕਾਮਰੇਡੀ ਜ਼ਿਲ੍ਹੇ ਦੀ ਹੈ। ਮ੍ਰਿਤਕ ਲੜਕੇ ਦੀ ਪਛਾਣ ਸ਼ਿਵਰਾਜ ਵਜੋਂ ਹੋਈ ਹੈ, ਜਿਸ ਦੀ ਉਮਰ 20 ਸਾਲ ਸੀ। ਮ੍ਰਿਤਕ ਨੌਜਵਾਨ ਦਾ ਪਿਤਾ ਸਪੇਰਾ ਸੀ ਅਤੇ ਇਸੇ ਕੰਮ ਰਾਹੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ। ਕਾਲੋਨੀ ਦੇ ਨੌਜਵਾਨ ਨੇ ਇਕ ਕੋਬਰਾ ਸੱਪ ਨੂੰ ਫੜ ਕੇ ਇਸ ਨਾਲ ਰੀਲ ਬਣਾਉਣੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਪਹਿਲਾਂ ਹੀ ਸੱਪ ਨੇ ਡੰਗ ਲਿਆ ਸੀ ਪਰ ਉਸ ਨੂੰ ਇਸ ਦਾ ਅਹਿਸਾਸ ਨਹੀਂ ਹੋਇਆ। ਦੁਪਹਿਰ ਬਾਅਦ ਨੌਜਵਾਨ ਦੀ ਤਬੀਅਤ ਵਿਗੜਨ ਲੱਗੀ ਅਤੇ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖ ਕੇ ਇੰਟਰਨੈੱਟ ਯੂਜ਼ਰਸ ਦੁਖੀ ਹਨ ਅਤੇ ਆਪਣਾ ਗੁੱਸਾ ਵੀ ਜ਼ਾਹਰ ਕਰ ਰਹੇ ਹਨ। ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਕਿ ਕੋਬਰਾ ਵਰਗੇ ਜ਼ਹਿਰੀਲੇ ਸੱਪ ਨੂੰ ਮੂੰਹ ਵਿੱਚ ਰੱਖਣ ਦੀ ਕੀ ਲੋੜ ਸੀ। ਇਸੇ ਤਰ੍ਹਾਂ ਕੁਝ ਹੋਰ ਲੋਕਾਂ ਨੇ ਵੀ ਅਜਿਹੇ ਖਤਰਨਾਕ ਸਟੰਟ ਨਾ ਕਰਨ ਦੀ ਸਲਾਹ ਦਿੱਤੀ ਹੈ।