ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲਾਗੂ ਹੈ। ਭਾਰੀ ਮਾਤਰਾ ਵਿੱਚ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਸ਼ਰੇਆਮ ਗੋਲੀਬਾਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਦੇ ਭੂਚੋਂ ਮੰਡੀ ਤੋਂ ਸਾਹਮਣੇ ਆਇਆ, ਜਿਥੇ ਥਾਣੇ ਬਾਹਰ ਧਰਨਾ ਦੇ ਰਹੇ ਲੋਕਾਂ ਉਤੇ 2 ਵਿਅਕਤੀਆਂ ਨੇ ਫਾਰਚੂਨਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤੇ ਗੋਲੀਆਂ ਵੀ ਚਲਾਈਆਂ। ਦੱਸ ਦੇਈਏ ਵਿਧਾਇਕ ਮਾਸਟਰ ਜਗਸੀਰ ਸਿੰਘ ਵੀ ਧਰਨੇ ਵਿਚ ਮੌਜੂਦ ਸਨ।
2 ਦੋਸ਼ੀ ਗ੍ਰਿਫਤਾਰ ਅਤੇ 2 ਫਰਾਰ
ਇਸ ਹਮਲੇ 'ਚ ਪੁਲਸ ਨੇ 4 'ਚੋਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ 2 ਅਜੇ ਫਰਾਰ ਹਨ।
ਇਸ ਮਾਮਲੇ ਸਬੰਧੀ ਡੀਐਸਪੀ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰ ਰਹੀ ਹੈ। ਭੁੱਚੋ ਟਰੱਕ ਯੂਨੀਅਨ ਦੇ ਮਾਮਲੇ ਵਿੱਚ 100 ਤੋਂ 150 ਲੋਕ ਹੜਤਾਲ ’ਤੇ ਬੈਠੇ ਸਨ।
ਧਰਨੇ 'ਤੇ ਬੈਠੇ ਲੋਕਾਂ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼
ਉਨ੍ਹਾਂ ਦੱਸਿਆ ਕਿ ਦੂਜੀ ਧਿਰ ਦੇ ਲੋਕ ਇੱਕ ਗੱਡੀ ਵਿੱਚ ਆਏ ਅਤੇ ਧਰਨੇ ’ਤੇ ਬੈਠੇ ਲੋਕਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੀੜਤ ਅਤੇ ਵਿਧਾਇਕ ਹੋਰ ਲੋਕਾਂ ਨਾਲ ਭੱਜ ਕੇ ਆਪਣੀ ਜਾਨ ਬਚਾਈ।
ਲੋਕਾਂ ਨੇ ਦੱਸਿਆ ਕਿ ਹਮਲਾਵਰ ਚੌਕੀ ਅੰਦਰ ਚਲੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਕੋਈ ਵੱਡੀ ਵਾਰਦਾਤ ਕਰ ਸਕਦੇ ਹਨ। ਇਸ ਦੌਰਾਨ ਹਮਲਾਵਰ ਦੀ ਪਿਸਤੌਲ ਜ਼ਮੀਨ 'ਤੇ ਡਿੱਗ ਗਈ। ਇਸ ਤੋਂ ਬਾਅਦ ਲੋਕਾਂ ਨੇ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਪੁਲਸ ਹਵਾਲੇ ਕਰ ਦਿੱਤਾ।
ਇਸ ਮਾਮਲੇ ਸਬੰਧੀ ਡੀਐਸਪੀ ਦਾ ਕਹਿਣਾ ਹੈ ਕਿ ਦੋ ਧਿਰਾਂ ਵਿੱਚ ਝਗੜਾ ਹੋਇਆ ਸੀ। ਜਿਸ ਸਬੰਧੀ ਉਹ ਪੁਲਸ ਚੌਕੀ ਵਿੱਚ ਸ਼ਿਕਾਇਤ ਲੈ ਕੇ ਆਏ ਸਨ। ਇਸ ਦੌਰਾਨ ਇੱਕ ਧਿਰ ਨੇ ਹਵਾ ਵਿੱਚ ਗੋਲੀਆਂ ਚਲਾਈਆਂ, ਜਿਸ ਨੂੰ ਕਾਬੂ ਕਰ ਲਿਆ ਗਿਆ ਪਰ ਉਨ੍ਹਾਂ ਦਾ ਇਸ ਵਿੱਚ ਵਿਧਾਇਕ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ’ਤੇ ਹਮਲਾ ਹੋਇਆ ਹੈ। ਅਜਿਹੇ 'ਚ ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਝੂਠ ਇਹ ਤਾਂ ਮਾਮਲੇ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।