ਪੰਜਾਬ 'ਚ ਆਮ ਆਦਮੀ ਪਾਰਟੀ ਨੇ ਬੀਤੇ ਦਿਨ (2 ਅਪ੍ਰੈਲ) ਆਪਣੇ 2 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਰਾਜ ਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ ਤੋਂ ਅਤੇ ਮਾਲਵਿੰਦਰ ਸਿੰਘ ਕੰਗ ਨੂੰ ਆਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਅੱਜ ਰਾਜ ਸਭਾ ਮੈਂਬਰ ਸੰਦੀਪ ਪਾਠਕ ਜਲੰਧਰ ਵਿੱਚ ਆਗੂਆਂ ਨਾਲ ਮੀਟਿੰਗ ਕਰਨਗੇ।
ਦੱਸ ਦੇਈਏ ਕਿ ਜਲੰਧਰ ਤੋਂ 'ਆਪ' ਦੇ ਸੰਸਦ ਮੈਂਬਰ ਰਹੇ ਸੁਸ਼ੀਲ ਰਿੰਕੂ ਹਾਲ ਹੀ 'ਚ ਭਾਜਪਾ 'ਚ ਸ਼ਾਮਲ ਹੋਏ ਹਨ। 'ਆਪ' ਨੇ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ ਪਰ ਜਲੰਧਰ ਸੀਟ ਲਈ ‘ਆਪ’ ਦੇ ਉਮੀਦਵਾਰ ਦਾ ਐਲਾਨ ਕਰਨ ਵਿੱਚ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਰਿੰਕੂ ਅਤੇ ਪੱਛਮੀ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਤੋਂ ਬਾਅਦ ਦਰਜਨਾਂ ਆਗੂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਲੁਧਿਆਣਾ ਵਿੱਚ ਵੀ ਮੀਟਿੰਗ ਹੋਈ
ਇਸ ਸਬੰਧੀ ਅੱਜ ‘ਆਪ’ ਦੇ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਠਕ ਜਲੰਧਰ ਵਿੱਚ ‘ਆਪ’ ਆਗੂਆਂ ਤੇ ਵਰਕਰਾਂ ਨਾਲ ਅਹਿਮ ਮੀਟਿੰਗ ਕਰਨਗੇ। ਮੀਟਿੰਗ ਵਿੱਚ ਚਰਚਾ ਕੀਤੀ ਜਾਵੇਗੀ ਕਿ ਆਗੂ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਕਿਉਂ ਸ਼ਾਮਲ ਹੋ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਸੰਸਦ ਮੈਂਬਰ ਸੰਦੀਪ ਪਾਠਕ ਨੇ ਲੁਧਿਆਣਾ 'ਚ 'ਆਪ' ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਸੀ, ਜਿਸ 'ਚ ਉਨ੍ਹਾਂ ਸਪੱਸ਼ਟ ਕਿਹਾ ਸੀ ਕਿ ਕੇਜਰੀਵਾਲ ਅਸਤੀਫਾ ਨਹੀਂ ਦੇਣਗੇ, ਸਗੋਂ ਜੇਲ੍ਹ 'ਚੋਂ ਜੋ ਵੀ ਹੁਕਮ ਦੇਣਗੇ ਅਸੀਂ ਉਸ ਨੂੰ ਲਾਗੂ ਕਰਾਂਗੇ।
ਭਾਜਪਾ ਕੇਜਰੀਵਾਲ ਤੋਂ ਡਰਦੀ ਹੈ
ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ 'ਚ 'ਆਪ' ਦੀ ਸਰਕਾਰ ਬਣੀ ਹੈ, ਭਾਜਪਾ ਵਾਲੇ ਕੇਜਰੀਵਾਲ ਤੋਂ ਡਰਦੇ ਹਨ। ਹੁਣ ਇੱਕ ਇੱਕ ਕਰ ਕੇ ਇਹ ਭਾਜਪਾ ਵਾਲੇ ਸਾਰਿਆਂ ਨੂੰ ਜੇਲ੍ਹ ਵਿੱਚ ਡੱਕ ਰਹੇ ਹਨ ਪਰ ਅਸੀਂ ਜੇਲ੍ਹ ਤੋਂ ਵੀ ਨਹੀਂ ਡਰਦੇ। ਪਾਠਕ ਨੇ ਕਿਹਾ ਕਿ ਦੇਸ਼ ਕੇਜਰੀਵਾਲ ਨੂੰ ਪਿਆਰ ਕਰਦਾ ਹੈ।