ਜਲੰਧਰ ਛਾਉਣੀ ਦੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਇਹ ਇਕ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਤੋਂ ‘ਆਪ’ ਵਿੱਚ ਸ਼ਾਮਲ ਹੋਏ ਜਲੰਧਰ ਛਾਉਣੀ ਦੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ। ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ।
ਨਾਰਾਜ਼ਗੀ ਦਾ ਕਾਰਣ
ਦੱਸ ਦੇਈਏ ਕਿ ‘ਆਪ’ ਵੱਲੋਂ ਬੀਬੀ ਰਾਜਵਿੰਦਰ ਕੌਰ ਥਿਆੜਾ ਨੂੰ ਕੈਂਟ ਹਲਕੇ ਦਾ ਇੰਚਾਰਜ ਬਣਾਇਆ ਗਿਆ ਸੀ, ਜਿਸ ਕਾਰਨ ਉਹ ਕਾਫੀ ਨਾਰਾਜ਼ ਸਨ। ਬਰਾੜ ਨੂੰ ਪਾਰਟੀ 'ਚ ਜਲੰਧਰ ਸੀਟ ਤੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਸ਼ਾਮਲ ਕਰਵਾਇਆ।
ਜਗਬੀਰ ਸਿੰਘ ਬਰਾੜ ਹੁਣ ਤੱਕ ਚਾਰ ਪਾਰਟੀਆਂ ਛੱਡ ਚੁੱਕੇ ਹਨ। ਬਰਾੜ ਪਹਿਲਾਂ ਅਕਾਲੀ ਦਲ, ਆਪ, ਕਾਂਗਰਸ ਅਤੇ ਪੀਪੀਪੀ ਪਾਰਟੀ ਨਾਲ ਜੁੜੇ ਰਹੇ। ਹੁਣ ਉਹ ਭਾਜਪਾ 'ਚ ਸ਼ਾਮਲ ਹੋ ਗਏ ਹਨ। ਜਗਬੀਰ ਸਿੰਘ ਬਰਾੜ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਜਲੰਧਰ ਛਾਉਣੀ ਹਲਕੇ ਤੋਂ ਵਿਧਾਇਕ ਸਨ। ਜ਼ਿਮਨੀ ਚੋਣ ਵਿੱਚ ਬਰਾੜ ਨੇ ਆਮ ਆਦਮੀ ਪਾਰਟੀ ਨੂੰ ਚੰਗੀਆਂ ਵੋਟਾਂ ਹਾਸਲ ਕਰਵਾਈਆਂ ਸਨ ਕਿਉਂਕਿ ਕੈਂਟ ਹਲਕੇ ਵਿੱਚ ਬਰਾੜ ਦਾ ਕਾਫੀ ਪ੍ਰਭਾਵ ਹੈ।
ਬਰਾੜ ਨੂੰ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਛਾਉਣੀ ਸੀਟ ਤੋਂ ਤਤਕਾਲੀ ਅਕਾਲੀ ਆਗੂ ਪਰਗਟ ਸਿੰਘ (ਹੁਣ ਜਲੰਧਰ ਕੈਂਟ ਸੀਟ ਤੋਂ ਕਾਂਗਰਸੀ ਵਿਧਾਇਕ) ਤੋਂ 6797 ਵੋਟਾਂ ਨਾਲ ਹਾਰ ਮਿਲੀ ਸੀ। ਸਾਲ 2017 'ਚ ਪਰਗਟ ਸਿੰਘ ਕਾਂਗਰਸ ਦੀ ਟਿਕਟ 'ਤੇ ਜਿੱਤੇ ਸਨ। ਜਗਬੀਰ ਬਰਾੜ ਨੇ ਅਕਾਲੀ ਦਲ ਦੀ ਟਿਕਟ 'ਤੇ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ।