ਜਲੰਧਰ ਮਾਡਲ ਟਾਊਨ 'ਚ ਟ੍ਰੈਫਿਕ ਪੁਲਸ ਅਤੇ ਨਗਰ ਨਿਗਮ ਨੇ ਸੜਕਾਂ ਉਤੇ ਲੱਗੇ ਨਾਜਾਇਜ਼ ਬੋਰਡਾਂ ਤੇ ਗਲਤ ਨੰਬਰਾਂ ਵਾਲੇ ਵਾਹਨਾਂ 'ਤੇ ਕਾਰਵਾਈ ਕੀਤੀ। ਇਸ ਦੌਰਾਨ ਪੁਲਸ ਨੇ ਕਈ ਵੱਡੀਆਂ ਕੰਪਨੀਆਂ ਦੇ ਬੋਰਡ ਹਟਾ ਦਿੱਤੇ। ਥਾਰ ਸਮੇਤ ਕਈ ਵਾਹਨ ਵੀ ਜ਼ਬਤ ਕੀਤੇ ਗਏ।
ਕਾਰਵਾਈ ਦੌਰਾਨ ਬਹਿਸ ਹੋਈ
ਪੁਲਸ ਨੇ ਜਿਵੇਂ ਹੀ ਸ਼ੋਅਰੂਮ ਦੇ ਬਾਹਰ ਲੱਗੇ ਬੋਰਡਾਂ ਨੂੰ ਹਟਾਉਣਾ ਸ਼ੁਰੂ ਕੀਤਾ ਤਾਂ ਕਰਮਚਾਰੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਰਮਚਾਰੀਆਂ ਦੀ ਪੁਲਸ ਨਾਲ ਬਹਿਸ ਵੀ ਹੋਈ ਪਰ ਪੁਲਸ ਨੇ ਨਾਜਾਇਜ਼ ਤੌਰ ’ਤੇ ਲਗਾਏ ਗਏ ਸਾਰੇ ਬੋਰਡ ਉਤਾਰ ਦਿੱਤੇ।
ਇਸ ਦੌਰਾਨ ਕਾਰਾਂ ਵਿੱਚ ਲੱਗੀਆਂ ਕਾਲੀਆਂ ਫਿਲਮਾਂ ਨੂੰ ਉਤਰਵਾਇਆ ਗਿਆ। ਟਰੈਫਿਕ ਪੁਲਸ ਨੇ ਇੱਕ ਥਾਰ ਵੀ ਜ਼ਬਤ ਕੀਤਾ ਹੈ ਜਿਸ ’ਤੇ ਨੰਬਰ ਪਲੇਟ ਦੀ ਥਾਂ ਨਾਗਨੀ ਲਿਖਿਆ ਹੋਇਆ ਸੀ, ਜਿਸ ਨੂੰ ਪੁਲਸ ਜ਼ਬਤ ਕਰ ਕੇ ਆਪਣੇ ਨਾਲ ਲੈ ਗਈ।
ਮਸੰਦ ਚੌਕ ਤੋਂ ਮਾਡਲ ਟਾਊਨ ਤੱਕ ਕੀਤੀ ਗਈ ਕਾਰਵਾਈ
ਨਗਰ ਨਿਗਮ ਦੇ ਅਧਿਕਾਰੀ ਅੰਕੁਰ ਭੱਟੀ ਨੇ ਦੱਸਿਆ ਕਿ ਇਹ ਸਾਂਝਾ ਆਪ੍ਰੇਸ਼ਨ ਟ੍ਰੈਫਿਕ ਪੁਲਸ ਅਤੇ ਨਗਰ ਨਿਗਮ ਦੀ ਮਾਰਕੀਟ ਟੀਮ ਵੱਲੋਂ ਚਲਾਇਆ ਗਿਆ। ਇਹ ਕਾਰਵਾਈ ਟ੍ਰੈਫਿਕ ਦੀ ਸਮੱਸਿਆ ਅਤੇ ਨਾਜਾਇਜ਼ ਕਬਜ਼ਿਆਂ ਕਾਰਨ ਕੀਤੀ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਸੰਦ ਚੌਕ ਤੋਂ ਲੈ ਕੇ ਮੈਂਬਰੋ ਚੌਕ, ਲਤੀਫਪੁਰਾ ਤੋਂ ਮਾਡਲ ਟਾਊਨ ਤੱਕ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।