ਖ਼ਬਰਿਸਤਾਨ ਨੈੱਟਵਰਕ: ਜਲੰਧਰ ਤੋਂ ਬਾਅਦ ਹੁਣ ਲੁਧਿਆਣਾ ਵਿੱਚ ਵੀ ਪ੍ਰਸ਼ਾਸਨ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਲਈ ਕਿਹਾ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਲੈਕਆਊਟ ਦੌਰਾਨ ਸਾਰੀਆਂ ਲਾਈਟਾਂ ਕਰੋ ਬੰਦ
ਲੁਧਿਆਣਾ ਪ੍ਰਸ਼ਾਸਨ ਨੇ ਕਿਹਾ ਕਿ ਰਾਤ ਦੇ ਸਮੇਂ ਬਲੈਕਆਊਟ ਹੋ ਸਕਦਾ ਹੈ। ਲੋਕਾਂ ਨੂੰ ਬਲੈਕਆਊਟ ਦੌਰਾਨ ਇਨਵਰਟਰ, ਜਨਰੇਟਰ, ਕੈਮਰੇ ਅਤੇ ਸੋਲਰ ਲਾਈਟਾਂ ਬੰਦ ਰੱਖਣ ਲਈ ਕਿਹਾ ਗਿਆ ਹੈ। ਜੇਕਰ ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਬਾਹਰ ਨਿਕਲੋ ਅਤੇ ਰਾਤ ਨੂੰ ਵਾਹਨ ਦੀਆਂ ਲਾਈਟਾਂ ਬੰਦ ਰੱਖੋ। ਸ਼ਾਮ ਨੂੰ ਲੇਜ਼ਰ ਲਾਈਟਾਂ, ਡੀਜੇ ਲਾਈਟਾਂ ਆਦਿ ਦੀ ਵਰਤੋਂ ਵੀ ਬੰਦ ਕਰ ਦਿੱਤੀ ਗਈ ਹੈ।
ਘਬਰਾਉਣ ਦੀ ਲੋੜ ਨਹੀਂ
ਇਸ ਦੇ ਨਾਲ ਹੀ ਪ੍ਰਸ਼ਾਸਨ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕਰ ਰਿਹਾ ਹੈ। ਕਿਸੇ ਵੀ ਹਾਲਤ ਵਿੱਚ ਕਿਸੇ ਵੀ ਅਫਵਾਹ ਜਾਂ ਵਾਇਰਲ ਵੀਡੀਓ 'ਤੇ ਵਿਸ਼ਵਾਸ ਨਾ ਕਰੋ। ਪ੍ਰਸ਼ਾਸਨ ਦਾ ਸਾਥ ਦਿਓ ਅਤੇ ਜਿੰਨਾ ਹੋ ਸਕੇ ਘਰ ਰਹੋ। ਭੀੜ ਵਾਲੀਆਂ ਥਾਵਾਂ ਤੋਂ ਬਚੋ ਅਤੇ ਪ੍ਰਸ਼ਾਸਨ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ।
ਜਲੰਧਰ 'ਚ ਮੇਅਰ ਵੱਲੋਂ ਸਟਰੀਟ ਲਾਇਟ ਹੈਲਪਲਾਈਨ ਨੰਬਰ ਜਾਰੀ
ਦੱਸ ਦੇਈਏ ਕਿ ਜਲੰਧਰ 'ਚ ਵੀ ਡੀਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਡ੍ਰੋਨ ਡਿੱਗਣ ਵਾਲੀ ਜਗ੍ਹਾਂ 'ਤੇ ਨਾ ਜਾਣ| ਬਲਕਿ ਪੁਲਿਸ ਕੰਟਰੋਲ ਰੂਮ ਨੰਬਰ 'ਤੇ ਜਣਕਰੀ ਦਿਓ| ਇਸ ਦੇ ਨਾਲ ਹੀ ਉਨ੍ਹਾਂ ਨੇ ਹੁਕਮ ਜਾਰੀ ਕੀਤੇ ਹਨ ਕਿ ਜਲੰਧਰ ਛਾਉਣੀ ਅਤੇ ਆਦਮਪੁਰ ਦੇ ਬਾਜ਼ਾਰ ਅੱਜ ਪੂਰੀ ਤਰ੍ਹਾਂ ਬੰਦ ਰਹਿਣਗੇ। ਜ਼ਿਲ੍ਹੇ ਭਰ ਵਿੱਚ ਮਾਲ ਅਤੇ ਉੱਚੀਆਂ ਇਮਾਰਤਾਂ ਵੀ ਬੰਦ ਰਹਿਣਗੀਆਂ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਬਰਾਉਣ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ।

ਉੱਥੇ ਹੀ ਮੇਅਰ ਵਿਨੀਤ ਧੀਰ ਨੇ ਜਲੰਧਰ ਵਾਸੀਆਂ ਲਈ ਸਟਰੀਟ ਲਾਇਟ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ| ਜੇਕਰ ਬਲੈਕ ਆਊਟ ਦੌਰਾਨ ਕੋਈ ਸਟਰੀਟ ਲਾਇਟ ਚਾਲੂ ਦਿਸਦੀ ਹੈ , ਤਾਂ ਇਸ ਹੈਲਪਲਾਈਨ ਨੰਬਰ 'ਤੇ 9154-41046 'ਤੇ ਸੂਚਨਾ ਦੇ ਸਕਦ ਹੋ|

ਜਲੰਧਰ, ਫਿਰੋਜ਼ਪੁਰ ਸਮੇਤ 4 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਪਾਕਿਸਤਾਨ ਨੇ ਲਗਾਤਾਰ ਚੌਥੇ ਦਿਨ ਭਾਰਤ 'ਤੇ ਡਰੋਨ ਨਾਲ ਹਮਲਾ ਕੀਤਾ, ਜਿਸ ਨੂੰ ਭਾਰਤ ਦੀ ਰੱਖਿਆ ਪ੍ਰਣਾਲੀ ਨੇ ਤਬਾਹ ਕਰ ਦਿੱਤਾ। ਇਸ ਦੌਰਾਨ ਪੰਜਾਬ ਦੇ ਬਠਿੰਡਾ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਜਲੰਧਰ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਪੂਰੇ ਪੰਜਾਬ ਵਿੱਚ ਹਾਈ ਅਲਰਟ ਹੈ। ਇਸ ਤੋਂ ਇਲਾਵਾ, ਫਿਰੋਜ਼ਪੁਰ, ਜਲੰਧਰ ਛਾਉਣੀ ਅਤੇ ਆਦਮਪੁਰ ਦੇ ਬਾਜ਼ਾਰਾਂ ਨੂੰ ਬੰਦ ਰੱਖਣ ਲਈ ਕਿਹਾ ਗਿਆ ਹੈ।
ਔਨਲਾਈਨ ਪੇਮੈਂਟ ਬੰਦ
ਫਿਰੋਜ਼ਪੁਰ ਵਿੱਚ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਰਾਤ ਭਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਬਠਿੰਡਾ, ਫਾਜ਼ਿਲਕਾ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਵੀ ਸਾਇਰਨ ਵੱਜ ਰਹੇ ਹਨ। ਇਸ ਤੋਂ ਇਲਾਵਾ, ਫਿਰੋਜ਼ਪੁਰ ਦੀ ਡੀਸੀ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣਾ ਚਾਹੀਦਾ ਹੈ। ਖਿੜਕੀਆਂ ਤੋਂ ਦੂਰ ਰਹੋ।
ਜਦੋਂ ਕਿ ਫਿਰੋਜ਼ਪੁਰ ਵਿੱਚ ਔਨਲਾਈਨ ਭੁਗਤਾਨ ਬੰਦ ਹੋ ਗਿਆ ਹੈ। ਇੱਥੇ ਦੁਕਾਨਾਂ ਤੋਂ ਸਾਮਾਨ ਖਰੀਦਣ ਲਈ ਸਿਰਫ਼ ਨਕਦੀ ਹੀ ਸਵੀਕਾਰ ਕੀਤੀ ਜਾ ਰਹੀ ਹੈ।