ਖ਼ਬਰਿਸਤਾਨ ਨੈਟਵਰਕ: ਨੇਪਾਲ ਵਿੱਚ 'ਜਨਰਲ ਜ਼ੈੱਡ' ਪ੍ਰਦਰਸ਼ਨਕਾਰੀਆਂ ਦੇ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਪਿਛਲੇ ਦਿਨੀ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਵੀ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਨੇਪਾਲ ਦੀ ਸਰਕਾਰ ਡਿੱਗਦੀ ਹੋਈ ਦਿਖਾਈ ਦੇ ਰਹੀ ਹੈ।
ਵਿਰੋਧ ਪ੍ਰਦਰਸ਼ਨ 'ਚ ਹੁਣ ਤੱਕ 22 ਲੋਕਾਂ ਦੀ ਮੌਤ, 400 ਤੋਂ ਵੱਧ ਜ਼ਖ਼ਮੀ
ਨੇਪਾਲ ਸਰਕਾਰ ਨੇ ਹਾਲ ਹੀ ਵਿੱਚ 26 ਸੋਸ਼ਲ ਮੀਡੀਆ ਐਪਸ 'ਤੇ ਪਾਬੰਦੀ ਲਗਾਈ ਸੀ।'ਜਨਰਲ ਜ਼ੈੱਡ' ਪ੍ਰਦਰਸ਼ਨਕਾਰੀਆਂ ਨੇ ਇਸ ਫ਼ੈਸਲੇ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤੇ, ਪਰ ਅੰਦੋਲਨ ਜਲਦੀ ਹੀ ਬੇਕਾਬੂ ਹੋ ਗਿਆ। ਹਿੰਸਾ ਫੈਲਣ ਤੋਂ ਬਾਅਦ, ਸਰਕਾਰ ਨੇ ਪਾਬੰਦੀ ਵਾਪਸ ਲੈ ਲਈ, ਪਰ ਇਸ ਦੇ ਬਾਵਜੂਦ ਜਨਤਾ ਦਾ ਗੁੱਸਾ ਘੱਟ ਨਹੀਂ ਹੋਇਆ। ਹਿੰਸਕ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ, ਫ਼ੌਜ ਨੇ ਪੂਰੇ ਦੇਸ਼ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਹੈ। ਇਨ੍ਹਾਂ ਘਟਨਾਵਾਂ ਵਿੱਚ ਹੁਣ ਤੱਕ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 400 ਤੋਂ ਵੱਧ ਜ਼ਖ਼ਮੀ ਹੋਏ ਹਨ। ਕਾਠਮੰਡੂ ਹਵਾਈ ਅੱਡੇ 'ਤੇ 2500 ਭਾਰਤੀ ਫਸ ਗਏ ਹਨ ਜਿਸ ਕਾਰਨ ਹਫੜਾ-ਦਫੜੀ ਮਚੀ ਹੋਈ ਹੈ।
ਨੇਪਾਲੀ ਫ਼ੌਜ ਨੇ ਕਿਹਾ ਕਿ ਔਖੇ ਸਮੇਂ ਦਾ ਫ਼ਾਇਦਾ ਉਠਾਉਂਦੇ ਹੋਏ, ਕੁਝ ਸ਼ਰਾਰਤੀ ਅਨਸਰ ਆਮ ਲੋਕਾਂ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਵੀ ਪਹੁੰਚਾ ਰਹੇ ਹਨ। ਨੇਪਾਲ ਦੇ ਚੀਫ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਪਹਿਲਾਂ ਕੇਪੀ ਸ਼ਰਮਾ ਓਲੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ
ਪ੍ਰਦਰਸ਼ਨਕਾਰੀਆਂ ਦੇ ਗੁੱਸੇ ਨੂੰ ਦੇਖਦਿਆਂ, ਕੇਪੀ ਸ਼ਰਮਾ ਓਲੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਕਾਠਮੰਡੂ ਛੱਡ ਦਿੱਤਾ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਕੇਪੀ ਓਲੀ ਦੇ ਨਿੱਜੀ ਘਰ, ਰਾਸ਼ਟਰਪਤੀ ਭਵਨ ਅਤੇ ਸੁਪਰੀਮ ਕੋਰਟ ਨੂੰ ਅੱਗ ਲਗਾ ਦਿੱਤੀ।