ਏਅਰ ਇੰਡੀਆ ਕੰਪਨੀ ਨੇ ਆਪਣੀ ਗਾਹਕ ਸਹਾਇਤਾ ਸੇਵਾ ਵਿੱਚ ਸੁਧਾਰ ਕੀਤਾ | ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਇੰਟਰਐਕਟਿਵ ਵੌਇਸ ਰਿਸਪਾਂਸ (IVR) ਸਿਸਟਮ 'ਚ ਸੱਤ ਨਵੀਆਂ ਖੇਤਰੀ ਭਾਸ਼ਾਵਾਂ ਜੋੜੀਆਂ ਤਾਂ ਜੋ ਯਾਤਰੀਆਂ ਦੇ ਅਨੁਭਵ ਨੂੰ ਬਿਹਤਰ ਬਣਾਇਆ ਜਾ ਸਕੇ। ਇਸ ਨਾਲ ਉਨ੍ਹਾਂ ਯਾਤਰੀਆਂ ਨੂੰ ਸਹੂਲਤ ਮਿਲੇਗੀ ਜੋ ਆਪਣੀ ਖੇਤਰੀ ਭਾਸ਼ਾ ਵਿੱਚ ਆਪਣੇ ਸਵਾਲਾਂ ਦੇ ਜਵਾਬ ਚਾਹੁੰਦੇ ਹਨ।
ਇਹ ਨਵੀਆਂ ਭਾਸ਼ਾਵਾਂ ਨੂੰ ਕੀਤਾ ਸ਼ਾਮਲ
ਹੁਣ ਤੱਕ ਏਅਰ ਇੰਡੀਆ ਦੇ ਆਈਵੀਆਰ ਸਿਸਟਮ ਵਿੱਚ ਯਾਤਰੀ ਸਿਰਫ਼ ਅੰਗਰੇਜ਼ੀ ਅਤੇ ਹਿੰਦੀ ਵਿੱਚ ਗੱਲ ਕਰ ਸਕਦੇ ਸਨ ਪਰ ਹੁਣ ਬੰਗਾਲੀ, ਕੰਨੜ, ਮਲਿਆਲਮ, ਮਰਾਠੀ, ਪੰਜਾਬੀ, ਤਾਮਿਲ ਅਤੇ ਤੇਲਗੂ 'ਚ ਵੀ ਸੇਵਾਵਾਂ ਪ੍ਰਦਾਨ ਕਰੇਗਾ।
ਏਅਰਲਾਈਨ ਨੇ ਇਕ ਬਿਆਨ 'ਚ ਕਿਹਾ ਕਿ ਹੁਣ ਉਸ ਦਾ ਸਿਸਟਮ ਉਪਭੋਗਤਾ ਦੀ ਭਾਸ਼ਾ ਦੀ ਤਰਜੀਹ ਨੂੰ ਉਸ ਦੇ ਮੋਬਾਈਲ ਨੈੱਟਵਰਕ ਦੇ ਆਧਾਰ 'ਤੇ ਪਛਾਣ ਲਵੇਗਾ। ਇਹ ਭਾਸ਼ਾ ਨੂੰ ਹੱਥੀਂ ਚੁਣਨ ਦੀ ਲੋੜ ਨੂੰ ਖਤਮ ਕਰ ਦੇਵੇਗਾ। ਇਸ ਨਾਲ ਪੂਰੀ ਪ੍ਰਕਿਰਿਆ ਵਿਚ ਲੱਗਣ ਵਾਲਾ ਸਮਾਂ ਵੀ ਘੱਟ ਜਾਵੇਗਾ। ਏਅਰਲਾਈਨ ਦੀ ਗਾਹਕ ਸਹਾਇਤਾ ਸੇਵਾ ਸੱਤ ਨਵੀਆਂ ਖੇਤਰੀ ਭਾਸ਼ਾਵਾਂ ਵਿੱਚ ਸਮਰਥਨ ਦੇ ਨਾਲ 24x7 ਉਪਲਬਧ ਹੋਵੇਗੀ।
ਏਅਰ ਇੰਡੀਆ ਨੇ ਹਾਲ ਹੀ ਵਿੱਚ ਪੰਜ ਨਵੇਂ ਸੰਪਰਕ ਕੇਂਦਰ ਸਥਾਪਤ ਕੀਤੇ ਹਨ। ਇਹ ਹੱਬ ਪ੍ਰੀਮੀਅਮ ਅਤੇ ਲਗਾਤਾਰ ਉਡਾਣ ਭਰਨ ਵਾਲੇ ਯਾਤਰੀਆਂ ਦੇ ਲਈ ਹੈ। ਇਹਨਾਂ ਡੈਸਕ 'ਤੇ ਏਅਰਲਾਈਨ ਦੁਨੀਆ ਭਰ ਦੇ ਆਪਣੇ ਗਾਹਕਾਂ ਨੂੰ ਚੌਵੀ ਘੰਟੇ ਸਹਾਇਤਾ ਪ੍ਰਦਾਨ ਕਰਦੀ ਹੈ।