ਲੁਧਿਆਣਾ ਦੇ ਸੈਂਟਰਾ ਗ੍ਰੀਨ ਫਲੈਟਾਂ ਵਿੱਚ ਚੀਤੇ ਦੇ ਖਤਰੇ ਕਾਰਨ ਸੁਸਾਇਟੀ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। 28 ਘੰਟੇ ਬਾਅਦ ਵੀ ਜੰਗਲਾਤ ਵਿਭਾਗ ਵਲੋਂ ਚੀਤੇ ਦੀ ਭਾਲ ਵਿੱਚ ਰਾਤ 3 ਵਜੇ ਤੋਂ ਖੋਜ ਜਾਰੀ ਹੈ। ਲੋਕ ਸਵੇਰੇ ਸੈਰ ਕਰਨ ਲਈ ਵੀ ਘਰਾਂ ਤੋਂ ਬਾਹਰ ਨਹੀਂ ਨਿਕਲੇ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਤੇਂਦੁਏ ਨੂੰ ਫੜਨ ਲਈ ਸੈਂਟਰਾ ਗ੍ਰੀਨ ਵਿੱਚ ਕਈ ਥਾਵਾਂ 'ਤੇ ਪਿੰਜਰੇ ਲਗਾਏ ਗਏ ਹਨ। ਜੰਗਲਾਤ ਵਿਭਾਗ ਨੂੰ ਸੰਭਾਵਨਾ ਸੀ ਕਿ ਚੀਤਾ ਰਾਤ ਨੂੰ ਸ਼ਿਕਾਰ ਲਈ ਨਿਕਲ ਸਕਦਾ ਹੈ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗਾ ਹੈ।
ਜੰਗਲਾਤ ਵਿਭਾਗ ਦੇ ਨਾਲ ਪੁਲਿਸ ਵੀ ਮੌਜੂਦ
ਜੰਗਲਾਤ ਵਿਭਾਗ ਦੇ ਨਾਲ ਪੁਲਿਸ ਟੀਮ ਪਿਛਲੇ 24 ਘੰਟਿਆਂ ਤੋਂ ਘਟਨਾ ਸਥਾਨ 'ਤੇ ਤਾਇਨਾਤ ਹੈ। ਕਰੀਬ 16 ਲੋਕਾਂ ਦੀ ਟੀਮ ਚੀਤੇ ਦੀ ਭਾਲ ਕਰ ਰਹੀ ਹੈ। ਸੈਂਟਰਾ ਗਰੀਨ ਨੇੜੇ ਸਕੂਲਾਂ ਵਿੱਚ ਸਵੇਰ ਤੋਂ ਹੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਇਲਾਕੇ ਦੇ ਨੌਜਵਾਨ ਵੀ ਦੇ ਰਹੇ ਪਹਿਰਾ
ਇਲਾਕੇ ਦੇ ਨੌਜਵਾਨ ਪੱਖੋਵਾਲ ਰੋਡ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪਹਿਰਾ ਦੇ ਰਹੇ ਹਨ। ਜਵਾਨ ਡੰਡਿਆਂ ਨਾਲ ਲੈਸ ਪਹਿਰਾ ਦੇ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਵੀ ਚੀਤਾ ਕਿਤੇ ਨਜ਼ਰ ਨਹੀਂ ਆਇਆ।
ਜੰਗਲੀ ਜਾਨਵਰ ਨਹਿਰਾਂ ਰਾਹੀਂ ਸ਼ਹਿਰ 'ਚ ਆ ਰਹੇ
ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਜਦੋਂ ਪਹਾੜਾਂ ਵਿੱਚ ਸਰਦੀ ਵੱਧ ਜਾਂਦੀ ਹੈ ਤਾਂ ਜ਼ਿਆਦਾਤਰ ਜੰਗਲੀ ਜਾਨਵਰ ਨਹਿਰਾਂ ਰਾਹੀਂ ਸ਼ਹਿਰਾਂ ਵਿੱਚ ਆ ਜਾਂਦੇ ਹਨ।
ਸ਼ੁੱਕਰਵਾਰ (8 ਦਸੰਬਰ) ਦੀ ਸਵੇਰ ਨੂੰ ਸੋਸਾਇਟੀ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਚੀਤੇ ਨੂੰ ਦੇਖਿਆ। ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ। ਇਸ 'ਤੇ ਲੋਕ ਇਕੱਠੇ ਹੋ ਗਏ। ਜਦੋਂ ਲੋਕਾਂ ਨੇ ਸੁਸਾਇਟੀ ਵਿੱਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਹਨਾਂ ਨੇ ਇੱਕ ਚੀਤਾ ਘੁੰਮਦਾ ਦੇਖਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਸਦਰ ਨੂੰ ਦਿੱਤੀ ਗਈ।