ਪੰਜਾਬ ਸਮੇਤ ਪੂਰੇ ਦੇਸ਼ ਵਿਚ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ (IMD) ਦੇ ਅਲਰਟ ਮੁਤਾਬਕ ਅਜੇ ਤੱਕ ਕੋਈ ਰਾਹਤ ਨਜ਼ਰ ਨਹੀਂ ਆ ਰਹੀ ਹੈ।
ਜਲੰਧਰ ਵਿਚ ਨਿਕਲੀ ਧੁੱਪ ਨਾਲ ਕੁਝ ਰਾਹਤ
ਅੱਜ ਜਲੰਧਰ ਵਿਚ ਕਈ ਦਿਨਾਂ ਤੋਂ ਬਾਅਦ ਸੂਰਜ ਦੀ ਟਿੱਕੀ ਨਜ਼ਰ ਆਈ, ਜਿਸ ਨਾਲ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਮਹਿਸੂਸ ਹੋਈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਕੁਝ ਦਿਨਾਂ ਤੋਂ ਸੰਘਣੀ ਧੁੰਦ ਕਾਰਣ ਆਵਾਜਾਈ ਵਿਚ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਧੁੰਦ ਕਾਰਣ ਪੰਜਾਬ ਵਿਚ ਕਈ ਸੜਕ ਹਾਦਸੇ ਵਾਪਰੇ। ਇਸ ਲਈ ਇਨ੍ਹਾਂ ਦਿਨਾਂ ਵਿਚ ਕੋਈ ਵੀ ਵਾਹਨ ਬੜੀ ਸਾਵਧਾਨੀ ਨਾਲ ਚਲਾਉਣਾ ਚਾਹੀਦਾ ਹੈ।
ਮੌਸਮ ਵਿਗਿਆਨ ਕੇਂਦਰ ਅਨੁਸਾਰ ਅੱਜ ਪੱਛਮੀ ਗੜਬੜੀ ਵੀ ਸਰਗਰਮ ਹੋ ਗਈ ਹੈ। ਪੱਛਮੀ ਗੜਬੜੀ ਦੇ ਕਾਰਨ, ਪਾਕਿਸਤਾਨ ਅਤੇ ਰਾਜਸਥਾਨ ਵਿੱਚ ਦੋ ਚੱਕਰਵਾਤੀ ਸਰਕੂਲੇਸ਼ਨ ਖੇਤਰ ਦੇਖੇ ਜਾ ਸਕਦੇ ਹਨ। ਜਿਸ ਕਾਰਨ ਪੰਜਾਬ ਵਿੱਚ ਅੱਜ ਅਤੇ ਕੱਲ੍ਹ ਮੀਂਹ ਪੈਣ ਦੀ ਸੰਭਾਵਨਾ ਹੈ। ਸੀਤ ਲਹਿਰ ਚੱਲਣ ਦੀਆਂ ਵੀ ਸੰਭਾਵਨਾਵਾਂ ਹਨ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ.ਏ.ਐਸ.ਨਗਰ ਅਤੇ ਮਲੇਰਕੋਟਲਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੱਦਲਵਾਈ ਬਣ ਸਕਦੀ ਹੈ।
ਅਗਲੇ 24 ਘੰਟਿਆਂ ਵਿੱਚ ਦਿੱਲੀ ਐਨਸੀਆਰ ਅਤੇ ਹੋਰ ਮੈਦਾਨੀ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਸੋਮਵਾਰ ਤੋਂ ਸ਼ੁਰੂ ਹੋ ਕੇ ਹਲਕੀ ਬਾਰਿਸ਼ ਦਾ ਦੌਰ 10 ਜਨਵਰੀ ਤੱਕ ਰਹਿ ਸਕਦਾ ਹੈ।
ਦੱਸ ਦੇਈਏ ਕਿ ਧੁੰਦ ਅਤੇ ਠੰਡ ਕਾਰਨ ਚੰਡੀਗੜ੍ਹ ਦੇ ਸਕੂਲਾਂ ਵਿੱਚ ਛੁੱਟੀਆਂ 11 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ। ਇਸ ਦੌਰਾਨ ਕੋਈ ਵੀ ਸਰਕਾਰੀ ਜਾਂ ਗੈਰ-ਸਰਕਾਰੀ ਸਕੂਲ ਅਤੇ ਕਾਲਜ ਨਹੀਂ ਖੁੱਲ੍ਹਣਗੇ।