ਪੰਜਾਬ 'ਚ ਚਾਈਨਾ ਡੋਰ ਕਰਕੇ ਕਈ ਹਾਦਸੇ ਹੁੰਦੇ ਹਨ | ਇਸ ਲਈ ਪੁਲਿਸ ਨੇ ਅੰਮ੍ਰਿਤਸਰ 'ਚ ਪਤੰਗਬਾਜ਼ੀ ਦੌਰਾਨ ਚੀਨੀ ਤਾਰਾਂ ਦੀ ਵਰਤੋਂ ਨਾਲ ਪੈਦਾ ਹੋਣ ਵਾਲੇ ਖਤਰਿਆਂ ਨੂੰ ਦੇਖਦੇ ਹੋਏ ਇਸ ਖਿਲਾਫ ਵੱਡੇ ਪੱਧਰ 'ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਹੁਣ ਤੱਕ ਕਈ ਅਹਿਮ ਕਦਮ ਚੁੱਕੇ ਗਏ ਹਨ। ਲੋਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੁਲਿਸ ਨੇ ਹਰ ਪੱਧਰ 'ਤੇ ਸਖ਼ਤੀ ਦਿਖਾਈ ਹੈ।
ਪੁਲਿਸ ਨੇ ਪਤੰਗ ਉਡਾਉਣ 'ਤੇ ਨਜ਼ਰ ਰੱਖਣ ਲਈ ਡਰੋਨ ਤਕਨੀਕ ਦਾ ਸਹਾਰਾ ਲਿਆ ਹੈ। ਪਤੰਗ ਉਡਾਉਣ ਵਾਲਿਆਂ ਖਾਸ ਕਰਕੇ ਬੱਚਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਚਾਈਨਾ ਡੋਰ ਤੋਂ ਪਤੰਗ ਉਡਾਉਂਦੇ ਫੜੇ ਗਏ ਬੱਚਿਆਂ ਦੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ। ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਉਹ ਫਿਰ ਤੋਂ ਫੜੇ ਗਏ ਤਾਂ ਉਨ੍ਹਾਂ ਦੇ ਮਾਪਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਰੋਨ ਦੀ ਮਦਦ ਨਾਲ ਰੱਖੀ ਜਾਵੇਗੀ ਨਜ਼ਰ
ਪੁਲਿਸ ਨੇ ਆਮ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਜੇਕਰ ਕੋਈ ਚੀਨੀ ਡੋਰ ਵੇਚਦਾ ਜਾਂ ਖਰੀਦਦਾ ਦੇਖਿਆ ਜਾਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਏਸੀਪੀ ਸੈਂਟਰਲ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਸ਼ਹਿਰੀ ਖੇਤਰ ਵਿੱਚ ਡਰੋਨ ਦੀ ਮਦਦ ਨਾਲ ਚਾਈਨਾ ਡੋਰ ਤੋਂ ਪਤੰਗ ਉਡਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰ ਰਹੇ ਹਨ।
ਡਰੋਨ 'ਚ ਨਜ਼ਰ ਆਏ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਮਾਪਿਆਂ ਸਮੇਤ ਥਾਣੇ ਬੁਲਾਇਆ ਜਾ ਰਿਹਾ ਹੈ। ਪਹਿਲਾਂ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਅਤੇ ਲਿਖਤੀ ਮੁਆਫੀ ਮੰਗੀ ਜਾ ਰਹੀ ਹੈ। ਜੇਕਰ ਉਹੀ ਗਲਤੀ ਦੁਬਾਰਾ ਹੋਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵਿਅਕਤੀ ਨੂੰ 20 ਗੱਟੂ ਸਮੇਤ ਕੀਤਾ ਗ੍ਰਿਫਤਾਰ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਚਾਈਨਾ ਡੋਰ ਖਿਲਾਫ ਕਾਰਵਾਈ ਕਰਦਿਆਂ ਹੋਇਆ ਬੀਤੇ ਦਿਨ ਇੱਕ ਵਿਅਕਤੀ ਨੂੰ 20 ਗੱਟੂ ਸਮੇਤ ਗ੍ਰਿਫਤਾਰ ਕੀਤਾ। ਅੰਮ੍ਰਿਤਸਰ ਪੁਲਿਸ ਹਰ ਤਰੀਕੇ ਨਾਲ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।