ਹਰਿਆਣਾ ਵਿਧਾਨ ਸਭਾ ਚੋਣਾਂ 2024 ਦੌਰਾਨ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਅਸ਼ੋਕ ਤੰਵਰ ਪਾਰਟੀ ਛੱਡ ਕੇ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਰਾਹੁਲ ਗਾਂਧੀ ਦੀ ਮੌਜੂਦਗੀ 'ਚ ਉਹ ਕਾਂਗਰਸ 'ਚ ਸ਼ਾਮਲ ਹੋਏ | ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਨੇ ਵੀਰਵਾਰ ਨੂੰ ਉਨ੍ਹਾਂ ਨੂੰ ਪਾਰਟੀ ਦਾ ਝੰਡਾ ਪਹਿਨਾ ਕੇ ਘਰ ਵਾਪਸੀ ਕਰਵਾਈ ਹੈ।
ਇੱਕ ਘੰਟਾ ਪਹਿਲਾਂ BJP ਦੀ ਰੈਲੀ ਨੂੰ ਕੀਤਾ ਸੀ ਸੰਬੋਧਨ
ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਸ਼ੋਕ ਤੰਵਰ ਨੇ ਨਲਵਾ ਵਿਧਾਨਸਭਾ ਹਲਕੇ ਤੋਂ ਬੀਜੇਪੀ ਲਈ ਆਯੋਜਿਤ ਰੈਲੀ ਨੂੰ ਸੰਬੋਧਿਤ ਕੀਤਾ ਸੀ ਅਤੇ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਸੀ। ਪਰ ਅਚਾਨਕ ਹੀ ਕੁਝ ਦੇਰ ਬਾਅਦ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਖ਼ਬਰ ਸਾਹਮਣੇ ਆਈ । ਜਿਸ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ| ਉਨ੍ਹਾਂ ਨੇ ਮਹੇਂਦਰਗੜ੍ਹ ਵਿੱਚ ਹੋ ਰਹੀ ਕਾਂਗਰਸ ਦੀ ਰੈਲੀ ਵਿਚ ਮੌਜੂਦ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ 'ਚ ਸ਼ਾਮਲ ਹੋਏ।
ਇਸ ਤੋਂ ਪਹਿਲਾਂ ਇਸ ਸਾਲ 20 ਜਨਵਰੀ ਨੂੰ ਅਸ਼ੋਕ ਤੰਵਰ ਨਵੀਂ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮੌਜੂਦਗੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਅਪ੍ਰੈਲ-ਮਈ ‘ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਸਿਰਸਾ ਸੀਟ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਸੀ। ਹਾਲਾਂਕਿ, ਉਨ੍ਹਾਂ ਨੂੰ ਸੀਨੀਅਰ ਕਾਂਗਰਸੀ ਨੇਤਾ ਕੁਮਾਰੀ ਸ਼ੈਲਜਾ ਹੱਥੋਂ 2.50 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।