ਟੀਮ ਇੰਡੀਆ ਦੇ ਖਿਡਾਰੀ ਰਹੇ ਰੌਬਿਨ ਉਥੱਪਾ ਦੇ ਖਿਲਾਫ ਬੈਂਗਲੁਰੂ ਪੁਲਸ ਨੇ ਅਰੈਸਟ ਵਾਰੰਟ ਜਾਰੀ ਕੀਤਾ ਹੈ। ਪੁਲਿਸ ਨੇ ਇਹ ਗ੍ਰਿਫਤਾਰੀ ਵਾਰੰਟ EPFO ਨਾਲ ਜੁੜੇ ਇੱਕ ਮਾਮਲੇ ਵਿੱਚ ਜਾਰੀ ਕੀਤਾ ਹੈ। ਪੁਲਿਸ ਟੀਮ ਇਸ ਸਬੰਧੀ ਕ੍ਰਿਕਟਰ ਦੇ ਘਰ ਵੀ ਗਈ ਸੀ ਪਰ ਉਸ ਸਮੇਂ ਉਹ ਉੱਥੇ ਨਹੀਂ ਮਿਲੇ ਸਨ।
ਇਹ ਦੋਸ਼ ਲੱਗੇ
ਸੈਂਚੁਰੀਜ਼ ਲਾਈਫਸਟਾਈਲ ਬ੍ਰਾਂਡ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਉਥੱਪਾ 'ਤੇ ਕਰਮਚਾਰੀਆਂ ਦੀ ਤਨਖਾਹ 'ਚੋਂ ਪੀ.ਐੱਫ ਦੀ ਰਕਮ ਕੱਟਣ ਦਾ ਦੋਸ਼ ਹੈ ਪਰ ਇਹ ਰਕਮ ਉਨ੍ਹਾਂ ਦੇ ਪੀਐੱਫ ਖਾਤੇ 'ਚ ਜਮ੍ਹਾ ਨਹੀਂ ਕਰਵਾਈ ਗਈ। ਜਿਸ ਕਾਰਨ ਕਰੀਬ 24 ਲੱਖ ਰੁਪਏ ਦੀ ਠੱਗੀ ਹੋਈ।
27 ਦਸੰਬਰ ਤੱਕ ਦਾ ਸਮਾਂ ਮਿਲਿਆ ਹੈ
ਰੌਬਿਨ ਉਥੱਪਾ ਨੂੰ 24 ਲੱਖ ਰੁਪਏ ਦਾ ਬਕਾਇਆ ਚੁਕਾਉਣ ਲਈ 27 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਉਹ ਇਹ ਰਕਮ ਅਦਾ ਨਹੀਂ ਕਰ ਪਾਉਂਦੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਫਿਲਹਾਲ ਉਥੱਪਾ ਆਪਣੇ ਪਰਿਵਾਰ ਨਾਲ ਦੁਬਈ 'ਚ ਸਮਾਂ ਬਿਤਾ ਰਹੇ ਹਨ।
2007 ਵਿੱਚ ਟੀ-20 ਵਿਸ਼ਵ ਕੱਪ ਟੀਮ ਦਾ ਹਿੱਸਾ ਰਹੇ
ਰੌਬਿਨ ਉਥੱਪਾ 2007 ਵਿੱਚ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਬਣੇ ਸਨ। ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਫੀਲਡਿੰਗ ਕਾਰਨ ਉਸ ਨੇ ਕਈ ਮੌਕਿਆਂ 'ਤੇ ਟੀਮ ਲਈ ਅਹਿਮ ਯੋਗਦਾਨ ਪਾਇਆ ਅਤੇ ਟੀ-20 ਵਿਸ਼ਵ ਕੱਪ ਜਿੱਤਣ 'ਚ ਭੂਮਿਕਾ ਨਿਭਾਈ।