ਖਬਰਿਸਤਾਨ ਨੈੱਟਵਰਕ- ਪਿਛਲੇ ਦਿਨਾਂ ਤੋਂ ਹਰਿਆਣਾ ਅਤੇ ਪੰਜਾਬ ਵਿਚਾਲੇ ਪਾਣੀ ਦਾ ਵਿਵਾਦ ਚੱਲ ਰਿਹਾ ਸੀ। ਇਸ ਭੱਖਦੇ ਮੁੱਦੇ ਵਿਚਕਾਰ ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਲਈ ਨਵੇਂ ਸਰਕਲ ਤੋਂ ਪਾਣੀ ਛੱਡਿਆ ਹੈ। ਇਹ ਪਾਣੀ ਦੁਪਹਿਰ 1 ਵਜੇ ਛੱਡਿਆ ਗਿਆ। ਦੱਸ ਦਈਏ ਕਿ 15 ਮਈ ਨੂੰ ਹੋਈ ਬੈਠਕ ਤੋਂ ਬਾਅਦ ਅੱਜ ਤੈਅ ਮਾਪਦੰਡਾਂ ਮੁਤਾਬਕ ਤਿੰਨੋਂ ਸੂਬਿਆਂ ਨੂੰ ਪਾਣੀ ਮਿਲੇਗਾ।
ਤਿੰਨੇ ਰਾਜਾਂ ਨੂੰ ਕਿੰਨਾ-ਕਿੰਨਾ ਮਿਲੇਗਾ ਪਾਣੀ
ਪੰਜਾਬ ਨੂੰ 17 ਹਜ਼ਾਰ ਕਿਊਸਿਕ, ਹਰਿਆਣਾ ਨੂੰ 10 ਹਜ਼ਾਰ 300 ਕਿਊਸਿਕ ਅਤੇ ਰਾਜਸਥਾਨ ਨੂੰ 12 ਹਜ਼ਾਰ 400 ਕਿਊਸਿਕ ਪਾਣੀ ਛੱਡਿਆ ਜਾਵੇਗਾ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਨੰਗਲ ਡੈਮ ਪਹੁੰਚੇ ਸਨ, ਜਿੱਥੇ ਉਹ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਚੱਲ ਰਹੇ ਮੋਰਚੇ ਵਿੱਚ ਸ਼ਾਮਲ ਹੋਏ।
ਕੀ ਬੋਲੇ ਸੀ ਐੱਮ ਮਾਨ
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 21 ਮਈ ਨੂੰ ਯਾਨੀ ਅੱਜ ਤੋਂ ਕਰੀਬ 20 ਦਿਨ ਪਹਿਲਾਂ ਬੀ.ਬੀ.ਐਮ.ਬੀ. ਵੱਲੋਂ ਅਚਾਨਕ ਫ਼ਰਮਾਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ 4500 ਕਿਊਸਿਕ ਪਾਣੀ ਛੱਡਣ ਦੀ ਗੱਲ ਕਹੀ ਗਈ ਸੀ ਅਤੇ ਇਹ ਹੁਕਮ ਫੈਸਲੇ ਵਜੋਂ ਦਿੱਤੇ ਗਏ ਸਨ। ਪੰਜਾਬ ਸਰਕਾਰ ਨੇ ਇਸ 'ਤੇ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਜੋ ਪਾਣੀ ਹਰਿਆਣਾ ਨੂੰ ਦੇਣਾ ਸੀ, ਉਹ ਅਸੀਂ ਪਹਿਲਾਂ ਹੀ ਦੇ ਚੁੱਕੇ ਹਾਂ। 31 ਮਾਰਚ ਤੱਕ ਪਾਣੀ ਦੀ ਵਰਤੋਂ ਕੀਤੀ ਗਈ ਹੈ, ਫਿਰ ਕਿਸ ਕਾਰਨ ਪਾਣੀ ਦਿੱਤਾ ਜਾਵੇ।
ਸਾਨੂੰ ਅੱਠ ਦਿਨ ਹੋਰ ਪਾਣੀ ਦੇਣ ਲਈ ਕਿਹਾ ਗਿਆ ਸੀ, ਪਰ ਅੱਠ ਦਿਨ ਨਹੀਂ ਦਿੱਤਾ ਗਿਆ। ਸਗੋਂ ਉਹ ਆਪਣੀ ਪੁਰਾਣੀ ਆਦਤ ਤੋਂ ਮਜਬੂਰ ਹੋ ਕੇ ਇਸ ਨੂੰ ਅੱਗੇ ਵੀ ਜਾਰੀ ਰੱਖਣਾ ਚਾਹੁੰਦਾ ਸੀ। ਪੁਰਾਣੀਆਂ ਸਰਕਾਰਾਂ ਨੇ ਪਹਿਲਾਂ ਅਜਿਹਾ ਕੁਝ ਨਹੀਂ ਕੀਤਾ। ਹੁਣ ਪਾਣੀ ਦੀ ਰਾਖੀ ਵਾਲੇ ਵੀ ਉਨ੍ਹਾਂ ਨਾਲ ਜੁੜ ਗਏ ਹਨ। ਜਿਨ੍ਹਾਂ ਦੇ ਖੇਤਾਂ ਵਿੱਚ ਨਹਿਰਾਂ ਖ਼ਤਮ ਹੋ ਚੁੱਕੀਆਂ ਸਨ ਅਤੇ ਜਿਨ੍ਹਾਂ ਦੇ ਘਰਾਂ ਵਿੱਚ ਸੋਨੇ ਦੀਆਂ ਟੂਟੀਆਂ ਹਨ, ਉਨ੍ਹਾਂ ਨੂੰ ਪਾਣੀ ਦੀ ਕੀਮਤ ਕੀ ਪਤਾ।