ਖਬਰਿਸਤਾਨ ਨੈੱਟਵਰਕ- ਮੱਧ ਪ੍ਰਦੇਸ਼ ਵਿੱਚ ਪੁਲਿਸ ਨੇ ਇੱਕ ਲੁਟੇਰੀ ਦੁਲਹਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਹੁਣ ਤੱਕ ਲਗਭਗ 25 ਵਿਅਕਤੀਆਂ ਨਾਲ ਵਿਆਹ ਕਰਵਾ ਕੇ ਆਪਣੇ ਜਾਲ ਵਿੱਚ ਫਸਾ ਚੁੱਕੀ ਹੈ। ਲੜਕੀ ਦਾ ਨਾਂ ਅਨੁਰਾਧਾ ਦੱਸਿਆ ਜਾ ਰਿਹਾ ਹੈ, ਜੋ ਕਿ 23 ਸਾਲ ਦੀ ਹੈ। ਉਕਤ ਲੁਟੇਰੀ ਦੁਲਹਨ ਪਹਿਲਾਂ ਵਿਆਹ ਕਰਵਾਉਂਦੀ ਸੀ ਫਿਰ ਕੁਝ ਦਿਨਾਂ ਬਾਅਦ ਉਹ ਘਰ ਵਿੱਚ ਰੱਖੇ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਜਾਂਦੀ ਸੀ। ਅਨੁਰਾਧਾ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਹ ਨਵੇਂ ਨਾਮ ਅਤੇ ਨਵੀਂ ਪਛਾਣ ਨਾਲ ਵਿਆਹ ਕਰਦੀ ਸੀ ਤੇ ਬਾਅਦ ਵਿਚ ਪਰਿਵਾਰ ਨੂੰ ਲੁੱਟ ਕੇ ਭੱਜ ਜਾਂਦੀ ਸੀ।
ਲੁਟੇਰੀ ਦੁਲਹਨ ਭੋਪਾਲ ਤੋਂ ਹੁੰਦੀ ਸੀ ਆਪਰੇਟ
ਅਨੁਰਾਧਾ ਇੱਕ ਗੈਂਗ ਦਾ ਹਿੱਸਾ ਸੀ ਜਿਸ ਨੂੰ ਭੋਪਾਲ ਤੋਂ ਚਲਾਇਆ ਜਾ ਰਿਹਾ ਸੀ। ਫਿਲਹਾਲ ਰਾਜਸਥਾਨ ਪੁਲਿਸ ਨੇ ਇਸ 'ਲੁਟੇਰੀ ਦੁਲਹਨ' ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਉਸ ਤੋਂ ਪੁੱਛਗਿੱਛ ਕਰਕੇ ਪੂਰੇ ਗੈਂਗ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਅਨੁਰਾਧਾ ਨੇ ਹੁਣ ਤੱਕ 7 ਮਹੀਨਿਆਂ ਵਿੱਚ ਕੁੱਲ 25 ਵਾਰ ਵਿਆਹ ਕਰਵਾਏ ਹਨ।
ਇੰਝ ਫਸਾਉਂਦੀ ਸੀ ਆਪਣੇ ਜਾਲ ਵਿਚ
ਅਨੁਰਾਧਾ ਗਿਰੋਹ ਨਾਲ ਮਿਲ ਕੇ ਵਿਆਹ ਕਰਵਾਉਂਦੀ ਸੀ। ਇਸ ਸਮੇਂ ਦੌਰਾਨ ਉਹ ਆਪਣੇ ਆਪ ਨੂੰ ਇੱਕ ਗਰੀਬ, ਬੇਸਹਾਰਾ ਕੁੜੀ ਵਜੋਂ ਪੇਸ਼ ਕਰਦੀ ਸੀ। ਆਪਣੇ ਗੈਂਗ ਦੇ ਮੈਂਬਰਾਂ ਸੁਨੀਤਾ ਯਾਦਵ ਅਤੇ ਪੱਪੂ ਨਾਲ ਮਿਲ ਕੇ, ਉਹ ਵਿਆਹ ਵਿੱਚ ਦਿਲਚਸਪੀ ਰੱਖਣ ਵਾਲੇ ਆਦਮੀਆਂ ਨਾਲ ਸੰਪਰਕ ਕਰਦੀ ਸੀ ਅਤੇ ਫਿਰ ਵਿਆਹ ਤੋਂ ਕੁਝ ਦਿਨਾਂ ਬਾਅਦ ਨਕਦੀ ਲੈ ਕੇ ਭੱਜ ਜਾਂਦੀ ਸੀ।
ਵਿਸ਼ਨੂੰ ਨਾਂ ਦੇ ਸ਼ਖਸ ਨੇ ਸੁਣਾਈ ਹੱਢ-ਬੀਤੀ
ਵਿਸ਼ਨੂੰ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ ਅਤੇ ਫਿਰ ਲੁਟੇਰੀ ਦੁਲਹਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਤੁਹਾਨੂੰ ਦੱਸ ਦੇਈਏ ਕਿ ਵਿਸ਼ਨੂੰ ਨੇ ਅਨੁਰਾਧਾ ਨਾਲ 20 ਅਪ੍ਰੈਲ 2025 ਨੂੰ ਵਿਆਹ ਕਰਵਾਇਆ ਸੀ ਪਰ ਵਿਆਹ ਤੋਂ 12 ਦਿਨ ਬਾਅਦ, ਅਨੁਰਾਧਾ ਨੇ ਵਿਸ਼ਨੂੰ ਅਤੇ ਉਸਦੇ ਪਰਿਵਾਰ ਨੂੰ ਖਾਣੇ ਵਿੱਚ ਨਸ਼ੀਲੀ ਚੀਜ਼ ਖੁਆ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ 1.25 ਲੱਖ ਰੁਪਏ ਦੇ ਗਹਿਣੇ, 30,000 ਰੁਪਏ ਦੀ ਨਕਦੀ ਅਤੇ 30,000 ਰੁਪਏ ਦਾ ਮੋਬਾਈਲ ਫੋਨ ਲੈ ਕੇ ਭੱਜ ਗਈ। ਜਿਸ ਤੋਂ ਬਾਅਦ ਵਿਸ਼ਨੂੰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਹਰ 8ਵੇਂ ਦਿਨ ਵਿਆਹ ਕਰਵਾਉਂਦੀ ਸੀ
ਪੁਲਸ ਨੇ ਬੜੀ ਚਲਾਕੀ ਨਾਲ ਜਾਲ ਵਿਛਾ ਕੇ ਉਸ ਨੂੰ ਭੋਪਾਲ ਦੇ ਛੋਲਾ ਇਲਾਕੇ ਤੋਂ ਫੜ ਲਿਆ। ਵਿਸ਼ਨੂੰ ਦੀ ਸ਼ਿਕਾਇਤ 'ਤੇ, 3 ਮਈ, 2025 ਨੂੰ ਮੈਨਟਾਊਨ ਪੁਲਿਸ ਸਟੇਸ਼ਨ ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 420 (ਧੋਖਾਧੜੀ) ਅਤੇ 406 (ਅਪਰਾਧਿਕ ਵਿਸ਼ਵਾਸਘਾਤ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਭੋਪਾਲ ਵਿੱਚ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਅਨੁਰਾਧਾ 7 ਮਹੀਨਿਆਂ ਤੋਂ ਹਰ 8ਵੇਂ ਦਿਨ ਵਿਆਹ ਕਰਦੀ ਸੀ ਅਤੇ ਧੋਖਾਧੜੀ ਕਰਦੀ ਸੀ।