ਖ਼ਬਰਿਸਤਾਨ ਨੈਟਵਰਕ: ਨੌਜਵਾਨਾਂ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਨੇਪਾਲ ਸਰਕਾਰ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਗਾਈ ਗਈ ਪਾਬੰਦੀ ਨੂੰ ਵਾਪਸ ਹਟਾ ਲਿਆ ਹੈ। ਇਸ ਵਿੱਚ ਹੁਣ ਤੱਕ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਨੇਪਾਲ ਦੇ ਸੰਚਾਰ, ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਿਥਵੀ ਸੁੱਬਾ ਗੁਰੂੰਗ ਨੇ ਇੱਕ ਐਮਰਜੈਂਸੀ ਕੈਬਨਿਟ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਸਰਕਾਰ ਨੇ ਸੋਸ਼ਲ ਮੀਡੀਆ ਸਾਈਟਾਂ 'ਤੇ ਲਗਾਈ ਗਈ ਪਾਬੰਦੀ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ।
ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਪੂਰੀਆਂ ਹੋਈਆਂ
ਦੱਸ ਦਈਏ ਕਿ ਇਹ ਪ੍ਰਦਰਸ਼ਨ 'ਜਨਰਲ ਜ਼ੈੱਡ' (ਨੌਜਵਾਨ ਪੀੜੀ) ਨੇ ਕੀਤਾ, ਜਿਸ ਵਿੱਚ ਮੁੱਖ ਤੌਰ ਤੇ ਸਕੂਲੀ ਵਿਦਿਆਰਥੀ ਅਤੇ ਕਈ ਹੋਰ ਨੌਜਵਾਨ ਸ਼ਾਮਿਲ ਸਨ। ਇਹ ਨੌਜਵਾਨ ਰਾਜਧਾਨੀ ਕਾਠਮੰਡੂ ਵਿੱਚ ਸੰਸਦ ਭਵਨ ਦੇ ਸਾਹਮਣੇ ਇੱਕ ਵਿਸ਼ਾਲ ਪ੍ਰਦਰਸ਼ਨ ਕਰ ਰਹੇ ਸਨ। ਮੀਡੀਆਂ ਰਿਪੋਰਟਾਂ ਅਨੁਸਾਰ ਜਦੋਂ ਕੁਝ ਪ੍ਰਦਰਸ਼ਨਕਾਰੀ ਸੰਸਦ ਕੰਪਲੈਕਸ ਵਿੱਚ ਦਾਖਲ ਹੋ ਗਏ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਪਾਣੀ ਦੀਆਂ ਤੋਪਾਂ, ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ।
ਮੰਤਰੀ ਪ੍ਰਿਥਵੀ ਸੁੱਬਾ ਗੁਰੂੰਗ ਨੇ ਦੱਸਿਆ ਕਿ ਸੂਚਨਾ ਮੰਤਰਾਲੇ ਨੇ ਸਬੰਧਤ ਏਜੰਸੀਆਂ ਨੂੰ 'ਜਨਰਲ ਜ਼ੈੱਡ' ਪ੍ਰਦਰਸ਼ਨਕਾਰੀਆਂ ਦੀ ਮੰਗ ਅਨੁਸਾਰ ਸੋਸ਼ਲ ਮੀਡੀਆ ਸਾਈਟਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ।
Social media sites ਮੁੜ ਚਾਲੂ ਹੋਈਆਂ
ਦੱਸ ਦੇਈਏ ਕਿ ਤਿੰਨ ਦਿਨ ਪਹਿਲਾਂ ਨੇਪਾਲ ਸਰਕਾਰ ਨੇ ਫੇਸਬੁੱਕ ਅਤੇ ਐਕਸ ਸਮੇਤ 26 ਸੋਸ਼ਲ ਮੀਡੀਆ ਸਾਈਟਾਂ 'ਤੇ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਸੀ ਪਰ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਕਰਨ ਤੋਂ ਬਾਅਦ ਨੇਪਾਲ ਸਰਕਾਰ ਨੇ ਇਸ ਬਿਆਨ ਤੋਂ ਯੂ-ਟਰਨ ਲੈ ਲਿਆ ਹੈ। ਇਸ ਦੌਰਾਨ ਸੋਮਵਾਰ ਰਾਤ ਤੋਂ ਨੇਪਾਲ ਵਿੱਚ ਫੇਸਬੁੱਕ, ਐਕਸ ਅਤੇ ਵਟਸਐਪ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਦੁਬਾਰਾ ਕਾਰਜਸ਼ੀਲ ਹੋ ਗਈਆਂ ਹਨ।