ਲੱਖਾ ਸਿਧਾਣਾ ਨੂੰ ਦੇਰ ਰਾਤ ਰਾਮਪੁਰਾ ਫੂਲ ਪੁਲਸ ਨੇ ਰਿਹਾਅ ਕਰ ਦਿੱਤਾ ਸੀ। ਪੁਲਸ ਨੇ ਬੀਤੇ ਦਿਨੀਂ ਧਰਨੇ ਦੌਰਾਨ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਕੁਝ ਲੋਕ ਸਕੂਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ, ਜਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਸ਼ਾਂਤੀ ਭੰਗ ਕਰਨ ਦੇ ਦੋਸ਼ ਲਾਏ ਅਤੇ ਬਠਿੰਡਾ ਪੁਲਸ ਨੇ ਲੱਖਾ ਸਿਧਾਣਾ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਸ ਵੱਲੋਂ ਸ਼ਾਂਤੀ ਬਣਾਈ ਰੱਖਣ ਦੇ ਭਰੋਸੇ ਮਗਰੋਂ ਦੇਰ ਰਾਤ ਲੱਖਾ ਸਿਧਾਣਾ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਿਧਾਣਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣਾ ਗੁੱਸਾ ਕੱਢਿਆ।
ਸਕੂਲ ਦੇ ਬਾਹਰ ਕਰ ਰਹੇ ਸੀ ਪ੍ਰਦਰਸ਼ਨ
ਸਕੂਲ ਪ੍ਰਬੰਧਕਾਂ ਨੇ ਲੱਖਾ ਸਿਧਾਣਾ ਵੱਲੋਂ ਸਕੂਲ ਵਿੱਚ ਪੰਜਾਬੀ ਨੂੰ ਨਜ਼ਰ-ਅੰਦਾਜ਼ ਕਰਨ ਦੇ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸਕੂਲ ਵਿੱਚ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਰੱਖਿਆ ਗਿਆ ਹੈ। ਪੰਜਾਬੀਆਂ ਨਾਲ ਕੋਈ ਵਿਤਕਰਾ ਨਹੀਂ ਹੈ। ਬੱਚਿਆਂ ਦੀ ਪੜ੍ਹਾਈ ਨੂੰ ਬੇਲੋੜਾ ਪ੍ਰਭਾਵਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਮੰਗਲਵਾਰ ਦੁਪਹਿਰ ਨੂੰ ਪੁਲਸ ਨੇ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਰਾਮਪੁਰਾ ਫੂਲ ਵਿਖੇ ਪੰਜਾਬੀ ਬੋਲੀ ਨੂੰ ਨਜ਼ਰ-ਅੰਦਾਜ਼ ਕਰਨ ਦਾ ਦੋਸ਼ ਲਾਉਂਦਿਆਂ ਲੱਖਾ ਸਿਧਾਣਾ ਅਤੇ ਉਸ ਦੇ ਕਰੀਬ 6 ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਉਨ੍ਹਾਂ 'ਤੇ ਸਕੂਲ ਦੇ ਸਾਹਮਣੇ ਭਾਸ਼ਣ ਦੇ ਕੇ ਮਾਹੌਲ ਖਰਾਬ ਕਰਨ ਅਤੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਹਿਰਾਸਤ 'ਚ ਲੈਣ ਤੋਂ ਬਾਅਦ ਪੁਲਸ ਲੱਖਾ ਸਿਧਾਣਾ ਨੂੰ ਨਾਲ ਲੈ ਗਈ। ਜਿਸ ਨੂੰ ਦੇਰ ਰਾਤ ਰਿਹਾਅ ਕਰ ਦਿੱਤਾ। ਇਸ ਤੋਂ ਬਾਅਦ ਲੱਖਾ ਨੇ ਸੋਸ਼ਲ ਮੀਡੀਆ ਤੇ ਆ ਕੇ ਫਿਰ ਆਪਣੀ ਭੜਾਸ ਕੱਢੀ।