ਖਬਰਿਸਤਾਨ ਨੈੱਟਵਰਕ- ਬਠਿੰਡਾ ਵਿਚ ਇਕ ਟੈਕਸੀ ਸਟੈਂਡ ਉਤੇ ਖੜ੍ਹੀ ਕਾਰ ਨੂੰ ਅੱਗ ਲੱਗ ਗਈ। ਇਹ ਘਟਨਾ ਅਮਰੀਕ ਸਿੰਘ ਰੋਡ 'ਤੇ ਸਥਿਤ ਟੈਕਸੀ ਸਟੈਂਡ 'ਤੇ ਸੋਮਵਾਰ ਸਵੇਰੇ ਕਰੀਬ 9.30 ਵਜੇ ਵਾਪਰੀ। ਇਸ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਫੈਲ ਗਈ ਤੇ ਹੜਕੰਪ ਮਚ ਗਿਆ।
ਇੰਜਣ ਚੋਂ ਨਿਕਲਿਆ ਧੂੰਆਂ ਤੇ ਲੱਗ ਗਈ ਅੱਗ
ਕਾਰ ਦੇ ਇੰਜਣ 'ਚੋਂ ਅਚਾਨਕ ਧੂੰਆ ਨਿਕਲਣਾ ਸ਼ੁਰੂ ਹੋ ਗਿਆ ਅਤੇ ਥੋੜ੍ਹੀ ਦੇਰ 'ਚ ਹੀ ਗੱਡੀ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਗਈਆਂ। ਕਾਰ 'ਚ ਮੌਜੂਦ ਚਾਲਕ, 55 ਸਾਲਾ ਪਵਨ ਕੁਮਾਰ, ਜੋ ਕਿ ਪ੍ਰਤਾਪ ਨਗਰ ਦਾ ਰਹਿਣ ਵਾਲਾ ਹੈ, ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਿਆਂ ਝੁਲਸ ਗਿਆ। ਹਾਲਾਤ ਗੰਭੀਰ ਹੋ ਸਕਦੇ ਸਨ ਪਰ ਮੌਕੇ 'ਤੇ ਮੌਜੂਦ ਲੋਕਾਂ ਨੇ ਸੂਝ-ਬੂਝ ਦਿਖਾਉਂਦਿਆਂ ਚਾਲਕ ਨੂੰ ਤੁਰੰਤ ਗੱਡੀ ਤੋਂ ਬਾਹਰ ਕੱਢਿਆ ਅਤੇ ਪਾਣੀ ਪਾ ਕੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਫਾਇਰ ਬ੍ਰਿਗੇਡ ਮੌਕੇ ਤੇ
ਇਸ ਦੌਰਾਨ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਅਤੇ ਅੱਗ ਬੁਝਾਈ। ਜ਼ਖ਼ਮੀ ਪਵਨ ਕੁਮਾਰ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਅਨੁਸਾਰ ਅੱਗ ਲੱਗਣ ਦਾ ਮੁੱਖ ਕਾਰਨ ਗਰਮੀ ਅਤੇ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਹਾਲਾਂਕਿ ਫਾਇਰ ਵਿਭਾਗ ਵਲੋਂ ਪੂਰੀ ਜਾਂਚ ਜਾਰੀ ਹੈ।