ਖ਼ਬਰਿਸਤਾਨ ਨੈੱਟਵਰਕ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਾ ਨੀਂਹ ਪੱਥਰ ਰੱਖਿਆ। 25 ਏਕੜ ਵਿੱਚ ਬਣਨ ਵਾਲੇ ਇਸ ਇੰਸਟੀਚਿਊਟ ਉਤੇ ਤਕਰੀਬਨ 345 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।
ਲੋਕਾਂ ਨੂੰ ਮਿਆਰੀ ਮੈਡੀਕਲ ਸਹੂਲਤਾਂ ਮੁਹੱਈਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਹਾਨ ਧਾਰਮਿਕ ਆਗੂ ਸੰਤ ਅਤਰ ਸਿੰਘ, ਜਿਨ੍ਹਾਂ ਲੋਕਾਂ ਵਿਚਾਲੇ ਫਿਰਕੂ ਸਦਭਾਵਨਾ, ਸ਼ਾਂਤੀ ਤੇ ਭਾਈਚਾਰੇ ਦਾ ਸੰਦੇਸ਼ ਪਹੁੰਚਾਇਆ ਹੈ। ਭਗਵੰਤ ਮਾਨ ਨੇ ਇਸ ਸਮੁੱਚੇ ਖਿੱਤੇ ਵਿੱਚ ਸੰਤ ਅਤਰ ਸਿੰਘ ਵੱਲੋਂ ਸਿੱਖਿਆ ਦਾ ਚਾਨਣ ਫੈਲਾਉਣ ਲਈ ਪਾਏ ਵਡਮੁੱਲੇ ਯੋਗਦਾਨ ਨੂੰ ਵੀ ਚੇਤੇ ਕੀਤਾ।
ਅਗਲਾ ਅਕਾਦਮਿਕ ਸੈਸ਼ਨ ਪਹਿਲੀ ਅਪਰੈਲ ਤੋਂ ਸ਼ੁਰੂ
ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਹ ਮੈਡੀਕਲ ਇੰਸਟੀਚਿਊਟ ਪੰਜਾਬ ਖ਼ਾਸ ਤੌਰ ਉਤੇ ਮਾਲਵਾ ਖਿੱਤੇ ਵਿੱਚ ਮਿਆਰੀ ਸਿਹਤ ਸੇਵਾਵਾਂ ਤੇ ਮੈਡੀਕਲ ਸਿੱਖਿਆ ਮੁਹੱਈਆ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਇਸ ਵੱਕਾਰੀ ਪ੍ਰੋਜੈਕਟ ਦਾ ਕੰਮ ਸਮਾਂ ਸਿਰ ਖ਼ਤਮ ਕਰ ਦਿੱਤਾ ਜਾਵੇ। ਇਸ ਮੈਡੀਕਲ ਕਾਲਜ ਦਾ ਕੰਮ 31 ਮਾਰਚ 2023 ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਅਗਲਾ ਅਕਾਦਮਿਕ ਸੈਸ਼ਨ ਪਹਿਲੀ ਅਪਰੈਲ ਤੋਂ ਸ਼ੁਰੂ ਹੋਵੇਗਾ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਸਮਾਜਿਕ ਸੁਰੱਖਿਆ ਮੁਹੱਈਆ ਕਰਨ ਲਈ ਵਚਨਬੱਧ ਹੈ। ਪੈਨਸ਼ਨਾਂ ਦੀ ਅਦਾਇਗੀ ਲਾਭਪਾਤਰੀਆਂ ਨੂੰ ਸਿੱਧੀ ਉਨ੍ਹਾਂ ਦੇ ਘਰਾਂ ਵਿੱਚ ਹੋਵੇਗੀ। ਇਸੇ ਤਰ੍ਹਾਂ ਆਟਾ-ਦਾਲ ਵੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਮੁਹੱਈਆ ਕਰਵਾਇਆ ਜਾਵੇਗਾ। ਸੂਬਾ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕਈ ਲੋਕ-ਪੱਖੀ ਤੇ ਵਿਕਾਸ ਨੂੰ ਹੁਲਾਰਾ ਦੇਣ ਵਾਲੀਆਂ ਸਕੀਮਾਂ ਬਣਾਈਆਂ ਹਨ। ਇਸ ਮੰਤਵ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਇਸ ਨਾਲ ਸੂਬੇ ਦੇ ਸਮੁੱਚੇ ਵਿਕਾਸ ਨੂੰ ਗਤੀ ਮਿਲੇਗੀ। ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬੇ ਦੀ ਤਰੱਕੀ ਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਲਾਲ ਚੰਦ ਕਟਾਰੂਚੱਕ, ਵਿਧਾਇਕਾਂ ਵਿੱਚ ਨਰਿੰਦਰ ਕੌਰ ਭਰਾਜ, ਬਰਿੰਦਰ ਗੋਇਲ, ਜਸਵੰਤ ਸਿੰਘ ਗੱਜਣਮਾਜਰਾ, ਜਮੀਲ-ਉਰ-ਰਹਿਮਾਨ, ਕੁਲਵੰਤ ਸਿੰਘ ਪੰਡੋਰੀ, ਡਾ. ਬਲਬੀਰ ਸਿੰਘ, ਲਾਭ ਸਿੰਘ ਉੱਗੋਕੇ ਅਤੇ ਹੋਰ ਹਾਜ਼ਰ ਸਨ।