ਜਲੰਧਰ 'ਚ ਚੋਰਾਂ ਅਤੇ ਲੁਟੇਰਿਆਂ ਨੂੰ ਹੁਣ ਪੁਲਸ ਦਾ ਕੋਈ ਡਰ ਨਹੀਂ ਰਿਹਾ ਅਤੇ ਉਹ ਦਿਨ-ਦਿਹਾੜੇ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਸ਼ੁੱਕਰਵਾਰ ਸਵੇਰੇ ਕਮਲ ਪਾਰਕ ਨੇੜੇ ਸੋਢਲ ਰੋਡ 'ਤੇ ਸਥਿਤ ਇਕ ਦੁਕਾਨਦਾਰ ਦਾ ਬਾਈਕ ਚੋਰੀ ਹੋ ਗਿਆ। ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਆਸ਼ੂ ਨੇ ਦੱਸਿਆ ਕਿ ਉਸ ਦਾ ਘਰ ਵੀ ਕਮਲ ਪਾਰਕ ਦੇ ਕੋਲ ਹੀ ਹੈ ਅਤੇ ਹਰ ਰੋਜ਼ ਦੀ ਤਰ੍ਹਾਂ ਉਹ ਕੰਮ ਲਈ ਜਾਣ ਲੱਗਾ ਤਾਂ ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਉੱਥੇ ਨਹੀਂ ਸੀ। ਸੀਸੀਟੀਵੀ 'ਚ ਪੀਲੇ ਰੰਗ ਦੀ ਕਮੀਜ਼ ਪਾਈ ਨੌਜਵਾਨ ਬਾਈਕ ਨੂੰ ਪੈਦਲ ਹੀ ਰੇੜ ਕੇ ਲਿਜਾ ਰਿਹਾ ਹੈ।
ਆਸ਼ੂ ਨੇ ਦੱਸਿਆ ਕਿ ਜਦੋਂ ਉਸ ਨੇ ਆਸ-ਪਾਸ ਦੇ ਇਲਾਕਿਆਂ ਵਿੱਚ ਦੇਖਿਆ ਤਾਂ ਨਾ ਤਾਂ ਨੌਜਵਾਨ ਅਤੇ ਨਾ ਹੀ ਬਾਈਕ ਬਰਾਮਦ ਹੋਈ। ਇਸ ਚੋਰੀ ਦੀ ਘਟਨਾ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਆਸ਼ੂ ਨੇ ਕਿਹਾ ਕਿ ਚੋਰ ਨੂੰ ਫੜਨ ਵਾਲੇ ਨੂੰ 5000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।