ਪਟਿਆਲਾ ਅਤੇ ਅੰਮ੍ਰਿਤਸਰ ਤੋਂ ਬਾਅਦ ਹੁਣ ਅਬੋਹਰ ਦੇ ਪਿੰਡ ਬਹਾਦਰਖੇੜਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਬਾਰੀ ਹੋ ਗਈ ਹੈ। ਇਸ ਘਟਨਾ 'ਚ ਪਿਉ-ਪੁੱਤ ਸਮੇਤ 3 ਲੋਕ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਸਤਿੰਦਰ, ਬਲਦੇਵ ਅਤੇ ਗੁਰਜੰਟ ਸਿੰਘ ਵਜੋਂ ਹੋਈ ਹੈ।
ਜ਼ਮੀਨ ਨੂੰ ਲੈ ਕੇ ਚੱਲ ਰਿਹਾ ਹੈ ਕਈ ਸਾਲਾਂ ਤੋਂ ਵਿਵਾਦ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦੀ ਬਹਾਦਰਖੇੜਾ ਵਿਖੇ ਜ਼ਮੀਨ ਹੈ। ਇਸ ਜ਼ਮੀਨ ਨੂੰ ਲੈ ਕੇ ਉਸ ਦਾ ਆਪਣੇ ਚਚੇਰੇ ਭਰਾਵਾਂ ਨਾਲ ਕਈ ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ। ਜਿਸ ਲਈ ਉਸ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ।
ਖੇਤਾਂ ਨੂੰ ਪਾਣੀ ਦਿੰਦੇ ਸਮੇਂ ਫਾਇਰਿੰਗ
ਗੁਰਜੰਟ ਨੇ ਅੱਗੇ ਦੱਸਿਆ ਕਿ ਉਹ ਅੱਜ ਸਵੇਰੇ ਖੇਤਾਂ ਨੂੰ ਪਾਣੀ ਲਗਾਉਣ ਗਿਆ ਸੀ। ਇਸ ਦੌਰਾਨ ਉਸ ਦੇ ਚਚੇਰੇ ਭਰਾਵਾਂ ਨੇ ਉਸ 'ਤੇ 8 ਗੋਲੀਆਂ ਚਲਾਈਆਂ। ਜਿਸ ਵਿੱਚ ਉਸਦੇ ਪਿਤਾ ਬਲਦੇਵ ਸਿੰਘ ਸਮੇਤ 3 ਵਿਅਕਤੀ ਜ਼ਖਮੀ ਹੋ ਗਏ। ਗੋਲੀ ਚਲਾਉਣ ਤੋਂ ਬਾਅਦ ਉਹ ਤੁਰੰਤ ਫਰਾਰ ਹੋ ਗਏ ।
ਪੁਲਿਸ ਨੇ ਦਰਜ ਕੀਤਾ ਮਾਮਲਾ
ਘਟਨਾ ਦਾ ਪਤਾ ਲੱਗਦਿਆਂ ਹੀ ਏਐਸਆਈ ਕੁਲਦੀਪ ਸਿੰਘ ਹਸਪਤਾਲ ਪੁੱਜੇ। ਉਸ ਨੇ ਜ਼ਖਮੀਆਂ ਦੇ ਬਿਆਨ ਦਰਜ ਕੀਤੇ। ਐਸਐਸਪੀ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚਲਾਈਆਂ ਗਈਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।