ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਹੋਰ ਮਜ਼ਬੂਤੀ ਮਿਲੀ ਹੈ। ਦੱਸ ਦੇਈਏ ਕਿ ਜਲੰਧਰ ਸ਼ਹਿਰ ਦੇ ਉੱਘੇ ਵਪਾਰੀ ਅਤੇ ਸਮਾਜ ਸੇਵੀ ਰਾਜ ਕੁਮਾਰ ਕਲਸੀ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ‘ਆਪ’ ਵਿੱਚ ਸ਼ਾਮਲ ਹੋ ਗਏ।
ਦੱਸ ਦੇਈਏ ਕਿ ਰਾਜ ਕੁਮਾਰ ਕਲਸੀ 'ਵਿਨਾਲ ਸਪੋਰਟਿੰਗ ਕੰਪਨੀ, ਜਲੰਧਰ ਵਾਲੇ' ਦੇ ਡਾਇਰੈਕਟਰ ਹਨ। ਉਹ ਇਲਾਕੇ ਦੇ ਬਹੁਤ ਹੀ ਸਤਿਕਾਰਤ ਅਤੇ ਵੱਕਾਰੀ ਵਿਅਕਤੀ ਮੰਨੇ ਜਾਂਦੇ ਹਨ। ਉਹ 'ਵਾਤਾਵਰਨ ਭਲਾਈ ਕਮੇਟੀ' ਦੇ ਚੇਅਰਮੈਨ ਅਤੇ ਨੀਲਕੰਠ ਨੌਜਵਾਨ ਸਭਾ ਦੇ ਚੇਅਰਮੈਨ ਹਨ। ਉਹ ਇਨ੍ਹਾਂ ਦੋਵਾਂ ਸੰਸਥਾਵਾਂ ਰਾਹੀਂ ਲੋਕ ਸੇਵਾ ਦੇ ਕੰਮਾਂ ਵਿੱਚ ਵੀ ਬਹੁਤ ਸਰਗਰਮ ਹਨ। ਕਲਸੀ ਜਲੰਧਰ ਦੇ ਵਾਰਡ ਨੰਬਰ 74 ਤੋਂ ਕੌਂਸਲਰ ਮਦਨ ਲਾਲ ਖਿੰਡਰ ਦੇ ਜਵਾਈ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਰਾਜ ਕੁਮਾਰ ਕਲਸੀ ਨੂੰ ਪਾਰਟੀ 'ਚ ਸ਼ਾਮਲ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਆਪਣੇ ਬਿਆਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮੁੱਚਾ ਜਲੰਧਰ ਆਮ ਆਦਮੀ ਪਾਰਟੀ ਦੇ ਨਾਲ ਖੜ੍ਹਾ ਹੈ। ਸਾਡੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਆਮ ਲੋਕ ਬਹੁਤ ਪ੍ਰਭਾਵਤ ਹਨ।
ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ 'ਚ ਵੀ ਇੱਥੋਂ ਦੇ ਲੋਕਾਂ ਨੇ 'ਆਪ' ਉਮੀਦਵਾਰ ਨੂੰ ਜਿਤਾਇਆ ਸੀ ਪਰ ਉਸ ਵੱਲੋਂ ਧੋਖਾਧੜੀ ਅਤੇ ਜਨਤਾ ਦੇ ਫਤਵੇ ਦਾ ਨਿਰਾਦਰ ਕੀਤਾ ਗਿਆ, ਜਿਸ ਕਾਰਣ ਮੁੜ ਚੋਣਾਂ ਕਰਵਾਉਣੀਆਂ ਪਈਆਂ ਹਨ, ਪਰ ਮੈਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਵੀ ਇੱਥੋਂ ਦੇ ਲੋਕ ਆਪ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਭਾਰੀ ਬਹੁਮਤ ਨਾਲ ਜਿੱਤਾਉਣਗੇ ਅਤੇ ਧੋਖੇਬਾਜ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।