ਯੂ ਪੀ ਦੇ ਹਾਥਰਸ ਵਿੱਚ ਭੋਲੇ ਬਾਬਾ ਦੇ ਸਤਿਸੰਗ ਦੌਰਾਨ ਭਗਦੜ ਮਚਣ ਨਾਲ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ 100 ਤੋਂ ਵੱਧ ਸ਼ਰਧਾਲੂ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਏਟਾ ਦੇ ਸੀਐਮਓ ਉਮੇਸ਼ ਤ੍ਰਿਪਾਠੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜ਼ਖ਼ਮੀਆਂ ਨੂੰ ਬੱਸਾਂ-ਟੈਂਪੂਆਂ ਰਾਹੀਂ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਡੀਐਮ ਅਤੇ ਐਸਪੀ ਮੌਕੇ 'ਤੇ ਪਹੁੰਚ ਗਏ ਹਨ। ਕਈ ਥਾਣਿਆਂ ਤੋਂ ਪੁਲਸ ਵੀ ਬੁਲਾ ਲਈ ਗਈ ਹੈ।
15 ਹਜ਼ਾਰ ਤੋਂ ਵੱਧ ਲੋਕ ਸਤਿਸੰਗ ਵਿਚ ਆਏ
ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮੁੱਖ ਸਕੱਤਰ ਮਨੋਜ ਸਿੰਘ ਅਤੇ ਡੀਜੀਪੀ ਪ੍ਰਸ਼ਾਂਤ ਕੁਮਾਰ ਮੌਕੇ 'ਤੇ ਰਵਾਨਾ ਹੋ ਗਏ ਹਨ। ਸੀਐਮ ਯੋਗੀ ਨੇ ਏਡੀਜੀ ਆਗਰਾ ਅਤੇ ਕਮਿਸ਼ਨਰ ਨੂੰ ਅਲੀਗੜ੍ਹ ਪਹੁੰਚਣ ਦੇ ਆਦੇਸ਼ ਦਿੱਤੇ ਹਨ। 15 ਹਜ਼ਾਰ ਤੋਂ ਵੱਧ ਲੋਕ ਸਤਿਸੰਗ ਵਿਚ ਆਏ।
ਜਾਣੋ ਕਿਵੇਂ ਵਾਪਰਿਆ ਹਾਦਸਾ
ਸਤਿਸੰਗ ਸਮਾਪਤ ਹੋ ਗਿਆ ਸੀ। ਲੋਕ ਇਕੱਠੇ ਬਾਹਰ ਨਿਕਲ ਰਹੇ ਸਨ। ਹਾਲ ਕਾਫ਼ੀ ਛੋਟਾ ਸੀ ਅਤੇ ਗੇਟ ਵੀ ਪਤਲਾ ਸੀ। ਪਹਿਲਾਂ ਬਾਹਰ ਨਿਕਲਣ ਲਈ ਲੋਕਾਂ ਵਿੱਚ ਭਗਦੜ ਮੱਚ ਗਈ। ਲੋਕ ਇੱਕ ਦੂਜੇ 'ਤੇ ਡਿੱਗ ਪਏ। ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਇਸ ਕਾਰਨ 150 ਤੋਂ ਵੱਧ ਲੋਕ ਜ਼ਖਮੀ ਹੋ ਗਏ ਅਤੇ ਕਈਆਂ ਦੀ ਮੌਤ ਹੋ ਗਈ।
ਪੁਲਿਸ ਟੀਮਾਂ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਜ਼ਖਮੀ ਔਰਤਾਂ, ਬੱਚਿਆਂ ਅਤੇ ਮਰਦਾਂ ਨੂੰ ਬੇਹੋਸ਼ੀ ਦੀ ਹਾਲਤ 'ਚ ਏਟਾ, ਅਲੀਗੜ੍ਹ, ਸਿਕੰਦਰਰਾਊ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 27 ਲੋਕਾਂ ਦੀਆਂ ਲਾਸ਼ਾਂ ਹਸਪਤਾਲ ਪਹੁੰਚ ਚੁੱਕੀਆਂ ਹਨ। ਉਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਪੂਰੇ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਪੁੱਜ ਕੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਯੋਗੀ ਨੇ ਜ਼ਖਮੀਆਂ ਦੇ ਸਹੀ ਇਲਾਜ ਦੇ ਨਿਰਦੇਸ਼ ਵੀ ਦਿੱਤੇ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕੀਤੀ।