ਜਲੰਧਰ ਪੁਲਸ ਨੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ 5 ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਸ ਨੇ 4 ਵਿਦੇਸ਼ੀ ਪਿਸਤੌਲ, ਇੱਕ ਰਿਵਾਲਵਰ, 2 ਮੈਗਜ਼ੀਨ ਅਤੇ 2 ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਨੇ ਅਸਲਾ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਡੀਜੀਪੀ ਨੇ ਐਕਸ 'ਤੇ ਦਿੱਤੀ ਜਾਣਕਾਰੀ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਟਵਿੱਟਰ 'ਤੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਜਲੰਧਰ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਪਿਛਲੇ 15 ਦਿਨਾਂ ਤੋਂ ਜਾਲ ਵਿਛਾਇਆ ਹੋਇਆ ਸੀ। ਪੁਲਸ ਨੇ ਇਸ ਕਾਰਵਾਈ ਤਹਿਤ ਕੈਨੇਡਾ ਬੈਠੇ ਅੱਤਵਾਦੀ ਲਖਬੀਰ ਲੰਡਾ ਗੈਂਗ ਦੇ 5 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪਾਕਿਸਤਾਨ ਪਾਰ ਤੋਂ ਹਥਿਆਰ ਮੰਗਵਾਉਂਦੇ ਸਨ
ਡੀਜੀਪੀ ਨੇ ਅੱਗੇ ਲਿਖਿਆ ਕਿ ਮੁਲਜ਼ਮ ਪਾਕਿਸਤਾਨ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਸਨ। ਇਸ ਦੇ ਨਾਲ ਹੀ ਇਨ੍ਹਾਂ ਸਾਰਿਆਂ ਨੇ ਪੰਜਾਬ ਵਿੱਚ ਨਸ਼ਾ ਸਪਲਾਈ, ਕਤਲ, ਫਿਰੌਤੀ ਅਤੇ ਵਸੂਲੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਅਤੇ ਇਨ੍ਹਾਂ ਸਾਰਿਆਂ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਸੂਬਿਆਂ ਵਿੱਚ ਕੇਸ ਦਰਜ ਹਨ।
ਜਲੰਧਰ ਪੁਲਸ ਦੀ ਕੀਤੀ ਸ਼ਲਾਘਾ
ਡੀਜੀਪੀ ਨੇ ਅੱਗੇ ਲਿਖਿਆ ਕਿ ਸੰਗਠਿਤ ਅਪਰਾਧ ਨੂੰ ਖਤਮ ਕਰਨ ਲਈ ਜਲੰਧਰ ਪੁਲਸ ਦੀ ਇਹ ਚੰਗੀ ਪਹਿਲ ਹੈ। ਦੱਸ ਦੇਈਏ ਕਿ ਜਲੰਧਰ ਪੁਲਸ ਲਗਾਤਾਰ ਅਪਰਾਧੀਆਂ ਦਾ ਪਤਾ ਲਗਾ ਰਹੀ ਸੀ ਅਤੇ ਹੁਣ ਉਨ੍ਹਾਂ ਨੂੰ ਸਫਲਤਾ ਮਿਲੀ ਹੈ।