ਜਲੰਧਰ ਵਿਚ ਬੀਤੀ ਰਾਤ ਪਏ ਭਾਰੀ ਮੀਂਹ ਕਾਰਣ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਦੱਸ ਦੇਈਏ ਕਿ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 1 ਜੁਲਾਈ ਤੋਂ ਪੂਰੇ ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਆਉਣ ਵਾਲੇ ਦਿਨਾਂ 'ਚ 2-3 ਦਿਨਾਂ ਤੱਕ ਤੂਫਾਨ ਦੇ ਨਾਲ-ਨਾਲ ਭਾਰੀ ਮੀਂਹ ਦੀ ਵੀ ਸੰਭਾਵਨਾ ਹੈ।
ਰਾਤ ਤੋਂ ਹੀ ਰੁਕ-ਰੁਕ ਕੇ ਪੈ ਰਿਹਾ ਮੀਂਹ
ਸ਼ਨੀਵਾਰ ਰਾਤ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰੁਕ-ਰੁਕ ਕੇ ਮੀਂਹ ਪਿਆ, ਜਿਸ ਕਾਰਨ ਐਤਵਾਰ ਨੂੰ ਮੌਸਮ ਸੁਹਾਵਣਾ ਹੋ ਗਿਆ। ਸਵੇਰੇ 8.30 ਵਜੇ ਤੱਕ ਅੰਮ੍ਰਿਤਸਰ ਵਿੱਚ 40.5 ਮਿਲੀਮੀਟਰ ਅਤੇ ਪਠਾਨਕੋਟ ਵਿੱਚ 4.2 ਮਿਲੀਮੀਟਰ ਮੀਂਹ ਪਿਆ। ਇਸ ਤੋਂ ਇਲਾਵਾ ਜਲੰਧਰ ਅਤੇ ਕਪੂਰਥਲਾ 'ਚ ਬੱਦਲ ਛਾਏ ਹੋਏ ਹਨ ਅਤੇ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ।
ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 9 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਪਟਿਆਲਾ ਅਤੇ ਐਸ.ਏ.ਐਸ.ਨਗਰ ਵਿੱਚ ਵੀ ਭਾਰੀ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ . ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮਾਨਸੂਨ ਹਿਮਾਚਲ ਤੋਂ ਦਾਖਲ ਹੋਇਆ
ਮਾਨਸੂਨ ਹਿਮਾਚਲ ਦੇ ਰਸਤੇ ਪਠਾਨਕੋਟ ਤੋਂ ਪੰਜਾਬ ਵਿੱਚ ਦਾਖਲ ਹੋਇਆ। ਇਸ ਸਾਲ ਮਾਨਸੂਨ ਨਾਲ ਆਮ ਨਾਲੋਂ ਵਧੇਰੇ ਮੀਂਹ ਪੈਣ ਦੀ ਸੰਭਾਵਨਾ ਹੈ। ਆਉਣ ਵਾਲੇ 2-3 ਦਿਨਾਂ 'ਚ ਮਾਨਸੂਨ ਆਪਣੀ ਸਥਿਤੀ ਬਦਲ ਕੇ ਪੰਜਾਬ ਦੇ ਕੁਝ ਹੋਰ ਸੂਬਿਆਂ 'ਚ ਸਰਗਰਮ ਹੋ ਜਾਵੇਗਾ।