CM ਭਗਵੰਤ ਮਾਨ ਨੇ ਸ਼ੋਸ਼ਲ 'ਤੇ ਸ਼ੇਅਰ ਕਰ ਵਧਾਈਆਂ ਦਿੱਤੀਆਂ| ਉਨ੍ਹਾਂ ਨੇ ਕਿਹਾ ਕਿ ਦਇਆ ਅਤੇ ਸੇਵਾ ਦੀ ਮੂਰਤ, ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਆਓ ਇਸ ਪਵਿੱਤਰ ਦਿਹਾੜੇ 'ਤੇ ਗੁਰੂ ਸਾਹਿਬ ਦੇ ਪਾਏ ਹੋਏ ਪੂਰਨਿਆਂ ’ਤੇ ਚੱਲਣ ਦਾ ਯਤਨ ਕਰੀਏ ਅਤੇ ਕੁਦਰਤ ਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਕਾਰਜਸ਼ੀਲ ਹੋਈਏ।
ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਸਿੱਖਾਂ ਦੇ ਸੱਤਵੇਂ ਗੁਰੂ ਸਨ
ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਸਿੱਖਾਂ ਦੇ ਸੱਤਵੇਂ ਗੁਰੂ ਸਨ। ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਬਹੁਤ ਸ਼ਾਂਤਮਈ ਅਤੇ ਕੋਮਲ ਹਿਰਦੇ ਦੇ ਮਾਲਕ ਸਨ। ਗੁਰੂ ਹਰਿ ਰਾਏ ਸਾਹਿਬ ਜੀ ਸਰਬਤ ਸੰਗਤ ਨੂੰ ਇੱਕ ਅਕਾਲ ਪੁਰਖ ਪ੍ਰਮਾਤਮਾ ਦੀ ਬੰਦਗੀ ਕਰਨ, ਗੁਰਬਾਣੀ ਦੇ ਮੁਤਾਬਕ ਜੀਵਨ ਬਣਾਉਣ ਅਤੇ ਧਰਮ ਦੀ ਦਸਾਂ ਨਹੁੰਆਂ ਦੀ ਕਿਰਤ ਕਰਨ ਦੀ ਪ੍ਰੇਰਣਾ ਦਿੰਦੇ ਸਨ।
ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ
ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਕੀਰਤਪੁਰ ਸਾਹਿਬ ਦੀ ਧਰਤੀ ’ਤੇ ਸਨ 1630 ਈਸਵੀ ਨੂੰ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਹੋਇਆ। ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਵੱਡੇ ਪੁੱਤਰ ਸਨ। ਗੁਰੂ ਹਰਿ ਰਾਏ ਸਾਹਿਬ ਜੀ ਰਿਸ਼ਤੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਲੱਗਦੇ ਸਨ।
ਗੁਰੂ ਜੀ ਦਾ ਵਿਆਹ
ਗੁਰੂ ਹਰਿ ਰਾਏ ਜੀ ਦਾ ਵਿਆਹ 1640 ਈਸਵੀ ਨੂੰ ਮਾਤਾ ਕ੍ਰਿਸ਼ਨ ਕੌਰ (ਸੁਲੱਖਣੀ ਜੀ) ਨਾਲ ਹੋਇਆ। ਗੁਰੂ ਜੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ, ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਸਨ ਅਤੇ ਛੋਟੇ ਪੁੱਤਰ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਸਨ ।
ਗੁਰੂ ਹਰਿ ਰਾਏ ਜੀ ਦਾ ਗੁਰਤਾ ਗੱਦੀ ਸਮਾਂ
ਸੰਨ 1644 ਵਿੱਚ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਏ ਤਾਂ ਉਨ੍ਹਾਂ ਨੇ ਗੁਰਤਾਗੱਦੀ ਦੇ ਯੋਗ ਜਾਣ ਕੇ ਆਪਣੇ ਪੋਤਰੇ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਕਿਉਂਕਿ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਇਹ ਰੀਤ ਚਲੀ ਆ ਰਹੀ ਸੀ ਕਿ ਗੁਰੂ ਸਾਹਿਬ ਜੀ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਆਪਣੇ ਅਗਲੇ ਉੱਤਰਾਧਿਕਾਰੀ ਨੂੰ ਗੁਰਤਾਗੱਦੀ ਦੀ ਦਾਤ ਦੇ ਦਿੰਦੇ ਸਨ। ਗੁਰਤਾ ਗੱਦੀ ਦੀ ਦਾਤ ਕਿਸੇ ਰਿਸ਼ਤੇਦਾਰੀ ਦੇ ਕਾਰਨ ਨਹੀਂ ਬਲਕਿ ਮਹਿਜ਼ ਯੋਗਤਾ ਦੇ ਆਧਾਰ ’ਤੇ ਹੀ ਦਿੱਤੀ ਜਾਂਦੀ ਸੀ।
ਭਾਈ ਦਰਗਾਹ ਮੱਲ ਜੀ ਕੋਲੋਂ ਰਸਮ ਅਦਾ ਕਰਵਾ ਕੇ 3 ਮਾਰਚ 1644 ਗੁਰਗੱਦੀ ਦੀ ਪਾਤਸ਼ਾਹੀ ਗੁਰੂ ਹਰ ਰਾਇ ਸਾਹਿਬ ਨੂੰ ਸੌਂਪ ਦਿੱਤੀ। ਉਸ ਵੇਲੇ ਉਹ ਸਿਰਫ 14 ਸਾਲ ਦੇ ਸਨ। ਆਪ ਜੀ ਨੇ ਗੁਰਗੱਦੀ ਤੇ ਬੈਠਦਿਆਂ ਸਾਰ ਧਰਮ ਪ੍ਰਚਾਰ ਦੀ ਲਹਿਰ ਜਾਰੀ ਰੱਖਦਿਆਂ ਕਿਰਤ ਕਰਨਾ, ਵੰਡ ਕੇ ਛਕਣਾ, ਸਿਮਰਨ ਤੇ ਸੇਵਾ ਕਰਨ ਲਈ ਸਿੱਖਾਂ ਨੂੰ ਉਤਸਾਹਿਤ ਕੀਤਾ।
ਆਪ ਜੀ ਨੇ ਦਵਾਖਾਨੇ ਵਿੱਚ ਅਮੀਰ ਗਰੀਬ ਇਲਾਜ ਕਰਵਾਇਆ ਕਰਦੇ ਸਨ। ਜਦੋਂ ਜਹਾਂਗੀਰ ਦਾ ਬੇਟਾ ਦਾਰਾ ਸ਼ਿਕੋਹ ਬਹੁਤ ਬਿਮਾਰ ਹੋ ਗਿਆ ਤੇ ਕਿਧਰੇ ਵੀ ਇਲਾਜ ਨਾ ਹੋਇਆ ਤਾਂ ਗੁਰੂ ਸਾਹਿਬ ਜੀ ਦੇ ਦਵਾਖਾਨੇ ਤੋਂ ਦਵਾਈ ਮੰਗਵਾਈ ਗਈ ਜਿਸ ਨਾਲ ਉਹ ਤੰਦਰੁਸਤ ਹੋ ਗਿਆ। ਆਪ ਜੀ ਕੋਲ ਤਿਆਰ-ਬਰ-ਤਿਆਰ 2200 ਸਵਾਰ ਰਹਿੰਦੇ ਪਰ ਆਪ ਨੂੰ ਕੋਈ ਜੰਗ ਨਹੀਂ ਕਰਨੀ ਪਈ।
ਗੁਰੂ ਹਰਿ ਰਾਏ ਸਾਹਿਬ ਜੀ ਦਾ ਅੰਤਮ ਸਮਾਂ
ਗੁਰੂ ਸਾਹਿਬ ਨੇ ਖੁਦ ਵੀ ਆਪਣੀ ਗੁਰਿਆਈ ਕਾਲ 1644-61 ਦੌਰਾਨ ਕੀਰਤਪੁਰ ਤੋਂ ਬਾਹਰ ਜਾ ਕੇ ਸਿੱਖੀ ਪ੍ਰਚਾਰ ਕੀਤਾ। ਹਾਲਾਂਕਿ ਇਨ੍ਹਾਂ ਪ੍ਰਚਾਰਕ ਦੌਰਿਆਂ ਬਾਰੇ ਇਤਿਹਾਸਕਾਰਾਂ ਵਿੱਚ ਕਾਫੀ ਮਤਭੇਦ ਹਨ।
ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਅਖ਼ਰੀਲਾ ਸਮਾਂ ਕੀਰਤਪੁਰ ਸਾਹਿਬ 'ਚ ਹੀ ਬੀਤਿਆ। 1661 ਵਿੱਚ ਉਹ ਜੋਤੀ ਜੋਤ ਸਮਾ ਗਏ। ਉਨ੍ਹਾਂ ਦਾ ਸਸਕਾਰ ਸਤਲੁਜ ਦਰਿਆ ਦੇ ਕੰਢੇ ਪਾਤਾਲਪੁਰੀ ਵਿਖੇ ਕੀਤਾ ਗਿਆ।