ਖ਼ਬਰਿਸਤਾਨ ਨੈੱਟਵਰਕ- ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 538ਵਾਂ ਵਿਆਹ ਪੁਰਬ ਸ਼ਹਿਰ ਬਟਾਲੇ ਵਿਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਿਥੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਪੁੱਜ ਰਹੀਆਂ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਆਹ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਹਨ।
CM ਮਾਨ ਨੇ ਟਵੀਟ ਕਰ ਕੇ ਦਿੱਤੀ ਵਧਾਈ
ਮੁੱਖ ਮੰਤਰੀ ਮਾਨ ਨੇ ਐਕਸ ਹੈਂਡਲ ਉਤੇ ਲਿਖਿਆ ਪਹਿਲੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ, ਬਟਾਲਾ ਵਿਖੇ ਜੋੜ ਮੇਲੇ ਦੌਰਾਨ ਨਤਮਸਤਕ ਹੋਣ ਪਹੁੰਚੀਆਂ ਸੰਗਤਾਂ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਤੇ ਗੁਰੂ ਚਰਨਾਂ 'ਚ ਕੋਟਿ-ਕੋਟਿ ਪ੍ਰਣਾਮ।
ਵਿਆਹ ਪੁਰਬ ਦਾ ਇਤਿਹਾਸ
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਉਸ ਸਮੇਂ ਹੋਇਆ, ਜਦੋਂ ਭਾਰਤ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਹਾਲਾਤ ਨਿਰਾਸ਼ਾ ਜਨਕ ਸਨ। ਸਾਰਾ ਦੇਸ਼ ਜਾਤ-ਪਾਤ, ਉੱਚ-ਨੀਚ ਅਤੇ ਈਰਖਾ ਦੀ ਅੱਗ ਵਿਚ ਸੜ ਰਿਹਾ ਸੀ। ਉਪਰੰਤ ਸਤਿਗੁਰੂ ਜੀ ਨੂੰ ਵੱਡੀ ਭੈਣ ਬੇਬੇ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਰਹਿਣ ਲਈ ਭੇਜ ਦਿੱਤਾ ਗਿਆ, ਜਿੱਥੇ ਗੁਰੂ ਜੀ ਦੇ ਜੀਜਾ ਜੈ ਰਾਮ ਜੀ ਨੇ ਗੁਰੂ ਜੀ ਨੂੰ ਨਵਾਬ ਦੌਲਤ ਖਾਂ ਦੇ ਮੋਦੀਖਾਨੇ ’ਚ ਨੌਕਰੀ ਦਿਵਾ ਦਿੱਤੀ।
ਉਪਰੰਤ ਤਕਰੀਬਨ 18 ਸਾਲ ਦੀ ਉਮਰ ਵਿਚ ਗੁਰੂ ਜੀ ਦੀ ਮੰਗਣੀ ਬਟਾਲੇ ਦੇ ਰਹਿਣ ਵਾਲੇ ਖੱਤਰੀ ਭਾਈ ਮੂਲ ਚੰਦ ਪਟਵਾਰੀ ਅਤੇ ਮਾਤਾ ਚੰਦੋ ਰਾਣੀ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਹੋ ਗਈ ਅਤੇ ਭਾਦੋਂ ਸਦੀ ਸੱਤਵੀਂ ਸੰਮਤ 1544 ਨੂੰ ਗੁਰੂ ਜੀ ਬਰਾਤੀਆਂ ਸਮੇਤ, ਜਿਨ੍ਹਾਂ ’ਚ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਭਾਈ ਹਾਕਮ ਰਾਇ ਜੀ ਅਤੇ ਨਵਾਬ ਦੌਲਤ ਖਾਂ ਅਤੇ ਸੱਜਣਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਪੂਰੇ ਸੱਜ-ਧੱਜ ਕੇ ਸੁਲਤਾਨਪੁਰ ਲੋਧੀ ਤੋਂ ਬਰਾਤ ਕਪੂਰਥਲਾ, ਸੁਭਾਨਪੁਰ, ਬਾਬਾ ਬਕਾਲਾ ਤੋਂ ਹੁੰਦੇ ਹੋਏ ਇਤਿਹਾਸਕ ਸ਼ਹਿਰ ਬਟਾਲੇ ਬਰਾਤ ਦੇ ਰੂਪ ’ਚ ਪਹੁੰਚੇ।
ਜਿਥੇ ਆਪ ਦਾ ਵਿਆਹ ਬਟਾਲਾ ਦੇ ਖੱਤਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਜਿਥੇ ਅੱਜ–ਕੱਲ੍ਹ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹੈ। ਇਹ ਉਹ ਇਤਿਹਾਸਿਕ ਕੰਧ ਹੈ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੁਝ ਕੁੜੀਆਂ ਨੇ ਮਜ਼ਾਕ ਕਰਨ ਦੇ ਇਰਾਦੇ ਨਾਲ ਬੈਠਾ ਦਿੱਤਾ ਇਕ ਬਜ਼ੁਰਗ ਔਰਤ ਨੇ ਕਿਹਾ ਕਿ ਗੁਰੂ ਜੀ ਇੱਥੋਂ ਉੱਠ ਜਾਉ ਕੰਧ ਡਿੱਗਣ ਵਾਲੀ ਹੈ ਤਾਂ ਗੁਰੂ ਜੀ ਨੇ ਫਰਮਾਇਆ ਕਿ ਮਾਤਾ ਜੀ ਤੁਸੀਂ ਫ਼ਿਕਰ ਨਾ ਕਰੋ ਇਹ ਕੰਧ ਯੁੱਗਾਂ ਤੱਕ ਕਾਇਮ ਰਹੇਗੀ। ਠੀਕ ਉਸੇ ਤਰ੍ਹਾਂ ਉਹ ਕੰਧ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ। ਇਸੇ ਦਿਨ ਨੂੰ ਸਦੀਵੀਂ ਯਾਦ ਰੱਖਣ ਲਈ ਸੰਗਤਾਂ ਹਰ ਸਾਲ ਜੁੜਦੀਆਂ ਹਨ ਤੇ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਬਰਾਤ ਬਟਾਲੇ ਪਹੁੰਚਦੀ ਹੈ। ਜਿਸ ਵਿਚ ਦੇਸ਼–ਵਿਦੇਸ਼ ਦੀਆਂ ਸੰਗਤਾਂ ਸ਼ਿਰਕਤ ਕਰਦੀਆਂ ਹਨ ਅਤੇ ਗੁਰਦੁਆਰਾ ਸੁਲਤਾਨਪੁਰ ਲੋਧੀ ਤੋਂ ਲੈ ਕੇ ਬਟਾਲਾ ਅਤੇ ਆਸ–ਪਾਸ ਦੇ ਇਲਾਕਿਆਂ ਵਿਚ ਲੰਗਰ ਦਾ ਪ੍ਰਬੰਧ ਵਿਸ਼ੇਸ਼ ਰੂਪ ਵਿਚ ਕੀਤਾ ਜਾਂਦਾ ਹੈ।