78ਵੇਂ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਤਿਰੰਗਾ ਲਹਿਰਾਇਆ, ਜਿਸ ਤੋਂ ਬਾਅਦ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਲਈ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਹਨ। ਇਸ ਦੌਰਾਨ ਉਨ੍ਹਾਂ ਦੇਸ਼ ਉਤੇ ਕੁਰਬਾਨ ਹੋਣ ਵਾਲਿਆਂ ਸੂਰਮਿਆਂ ਨੂੰ ਸਲਾਮੀ ਦਿੱਤੀ।
ਇਸ ਦੌਰਾਨ ਸੀ ਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਖਤਮ ਹੋ ਰਿਹਾ ਹੈ। ਪੰਜਾਬ ਪਾਣੀ 'ਤੇ ਆਧਾਰਿਤ ਸੂਬਾ ਹੈ ਪਰ ਇਹ ਪਾਣੀ ਕਾਰਨ ਸੰਕਟ 'ਚ ਹੈ। ਹੁਣ ਪਾਣੀ ਲਈ ਵੀ ਮੁਹਿੰਮ ਚਲਾਈ ਗਈ ਹੈ। ਨਹਿਰਾਂ ਬਣਾਈਆਂ ਜਾ ਰਹੀਆਂ ਹਨ। ਨਹਿਰੀ ਪਾਣੀ ਖੇਤਾਂ ਵਿੱਚ ਭੇਜਿਆ ਜਾ ਰਿਹਾ ਹੈ।
ਪੰਜਾਬ ਦੇ ਹਾਕੀ ਖਿਡਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਤ
ਉਨ੍ਹਾਂ ਦੱਸਿਆ ਕਿ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਵਿੱਚ 10 ਖਿਡਾਰੀ ਪੰਜਾਬ ਦੇ ਸਨ। ਇਨ੍ਹਾਂ ਖਿਡਾਰੀਆਂ ਨੂੰ ਜਲਦੀ ਹੀ ਸਨਮਾਨਤ ਕੀਤਾ ਜਾਵੇਗਾ। ਸੀ ਐਮ ਮਾਨ ਨੇ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ 19 ਖਿਡਾਰੀ ਖੇਡਣ ਗਏ ਸਨ, ਜਿਨ੍ਹਾਂ ਵਿੱਚੋਂ 10 ਪੰਜਾਬ ਦੇ ਸਨ। ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਖਿਡਾਰੀਆਂ ਨੂੰ ਸਨਮਾਨਤ ਕੀਤਾ ਜਾਵੇਗਾ। 'ਖੇਡਾਂ ਵਤਨ ਪੰਜਾਬ ਦੀਆਂ' ਦੀ ਸ਼ੁਰੂਆਤ 28 ਅਗਸਤ ਨੂੰ ਸੰਗਰੂਰ ਤੋਂ ਕੀਤੀ ਜਾਵੇਗੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਾਹਗਾ ਬਾਰਡਰ 'ਤੇ ਤਿਰੰਗਾ ਲਹਿਰਾਇਆ ਗਿਆ ਸੀ। ਬਾਰਡਰ ਰੇਂਜ ਦੇ ਡੀਆਈਜੀ ਐਸਐਸ ਚੰਦੇਲ ਨੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਮਠਿਆਈਆਂ ਵੀ ਵੰਡੀਆਂ ਗਈਆਂ।
ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਤ
ਸੀਐਮ ਮਾਨ ਵੱਲੋਂ ਆਜ਼ਾਦੀ ਘੁਲਾਟੀਆਂ, ਬਹਾਦਰ ਸੈਨਿਕਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਸਨ। ਇਸ ਦੇ ਨਾਲ ਹੀ ਬੱਚਿਆਂ ਵੱਲੋਂ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਦਾ ਸੁਨੇਹਾ ਦਿੰਦੇ ਹੋਏ ਪੀ.ਟੀ.ਸ਼ੋਅ ਵੀ ਕਰਵਾਇਆ ਗਿਆ।
ਸੀਮਾ ਸੁਰੱਖਿਆ ਬਲ ਦੀ ਝਾਂਕੀ ਪਹਿਲੀ ਵਾਰ ਸ਼ਾਮਲ
ਇਸ਼ ਦੌਰਾਨ ਝਾਕੀਆਂ ਵੀ ਕੱਢੀਆਂ ਗਈਆਂ। ਪਹਿਲੀ ਵਾਰ ਰਾਜ ਪੱਧਰੀ ਸਮਾਗਮ ਵਿੱਚ ਸੀਮਾ ਸੁਰੱਖਿਆ ਬਲ ਦੀ ਝਾਂਕੀ ਨੂੰ ਵੀ ਸ਼ਾਮਲ ਕੀਤਾ ਗਿਆ।