ਪੰਜਾਬ ਦੇ CM ਭਗਵੰਤ ਸਿੰਘ ਮਾਨ ਅੰਮ੍ਰਿਤਸਰ 'ਚ 100 ਫੁੱਟ ਦਾ ਰਾਵਣ ਫੂਕਣਗੇ। ਇਸ ਵਾਰ ਸ਼੍ਰੀ ਦੁਰਗਿਆਣਾ ਤੀਰਥ ਵੱਲੋਂ 100 ਫੁੱਟ ਦਾ ਰਾਵਣ ਬਣਾਇਆ ਗਿਆ ਹੈ। ਹਰ ਵਾਰ ਰਾਵਣ ਦਹਿਨ ਸਿੱਧੇ ਤੌਰ 'ਤੇ ਕੀਤਾ ਜਾਂਦਾ ਸੀ ਪਰ ਇਸ ਵਾਰ ਮੁੱਖ ਮੰਤਰੀ ਦੇ ਸਨਮਾਨ ਕਾਰਨ ਰਾਵਣ ਦਹਿਨ ਰਿਮੋਟ ਤੋਂ ਕੀਤਾ ਜਾਵੇਗਾ। ਇਸ ਸਬੰਧੀ ਡੀਸੀ ਸਾਕਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਮੌਕੇ ਦਾ ਜਾਇਜ਼ਾ ਲੈ ਰਹੇ ਹਨ।
ਵੱਡੀ ਗਿਣਤੀ 'ਚ ਹਾਜ਼ਰ ਹੁੰਦੀ ਹੈ ਹਨੂੰਮਾਨ ਸੈਨਾ
ਦੁਸਹਿਰੇ ਮੌਕੇ ਸ੍ਰੀ ਦੁਰਗਿਆਣਾ ਤੀਰਥ ਵਿਖੇ ਹਨੂੰਮਾਨ ਸੈਨਾ ਅਤੇ ਲੰਗੂਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਹੁੰਦੇ ਹਨ, ਜਿਸ ਕਾਰਨ ਪ੍ਰਬੰਧਾਂ ਨੂੰ ਬਹੁਤ ਸਖ਼ਤ ਕੀਤਾ ਗਿਆ ਹੈ। ਹਰ ਸਾਲ ਇੱਥੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ 100 ਫੁੱਟ ਪੁਤਲੇ ਸਾੜ ਕੇ ਦੁਸਹਿਰਾ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਵੀ.ਆਈ.ਪੀ ਮੂਵਮੈਂਟ ਦੇ ਨਾਲ-ਨਾਲ ਭੀੜ ਨੂੰ ਸੰਭਾਲਣਾ ਵੀ ਬਹੁਤ ਔਖੀ ਚੁਣੌਤੀ ਹੈ।
ਨਹੀਂ ਕੀਤੇ ਗਏ ਰੂਟ ਡਾਇਵਰਟ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਨੁਸਾਰ ਮੁੱਖ ਮੰਤਰੀ ਸਿਰਫ਼ ਜਨਤਕ ਖ਼ੁਸ਼ੀ 'ਚ ਸ਼ਾਮਲ ਹੋਣ ਲਈ ਆ ਰਹੇ ਹਨ। ਇਸ ਲਈ ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਜਨਤਾ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਰੂਟਾਂ ਨੂੰ ਡਾਇਵਰਟ ਨਹੀਂ ਕੀਤਾ ਗਿਆ ਹੈ ਤੇ ਆਵਾਜਾਈ ਬਹੁਤ ਸੁਚਾਰੂ ਰਹੇਗੀ।