ਖ਼ਬਰਿਸਤਾਨ ਨੈੱਟਵਰਕ- ਜਲੰਧਰ ਵਿੱਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ, ਵੱਖ-ਵੱਖ ਆਗੂਆਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਘਟਨਾ ਦੀ ਨਿੰਦਾ ਕੀਤੀ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਪੰਜਾਬ ਦੇ ਵਿਕਾਸ ਨੂੰ ਹਜ਼ਮ ਨਹੀਂ ਕਰ ਪਾ ਰਹੇ ਅਤੇ ਇਹ ਘਟਨਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
'ਆਪ' ਪਾਰਟੀ ਦੇ ਨੇਤਾ ਦੀਪਕ ਬਾਲੀ ਨੇ ਇਸ ਘਟਨਾ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਸਾਬਰਮਤੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੂੰ ਕੇਂਦਰ ਸਰਕਾਰ ਦਾ ਸਮਰਥਨ ਪ੍ਰਾਪਤ ਹੈ ਅਤੇ ਉਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਗ੍ਰੇਨੇਡ ਹਮਲੇ ਨੂੰ ਲੈ ਕੇ ਹੋ ਰਹੀ ਨਿੰਦਾ
ਹਮਲਾਵਰ ਈ-ਰਿਕਸ਼ਾ 'ਤੇ ਆਏ, ਗ੍ਰਨੇਡ ਸੁੱਟਿਆ ਅਤੇ ਫਰਾਰ ਹੋ ਗਏ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਹ ਘਟਨਾ ਸਵੇਰੇ 2 ਵਜੇ ਦੇ ਕਰੀਬ ਵਾਪਰੀ। ਹਮਲੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ, ਪਰ ਘਰ ਅਤੇ ਕਾਰ ਨੂੰ ਨੁਕਸਾਨ ਪਹੁੰਚਿਆ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫੋਰੈਂਸਿਕ ਟੀਮ ਨੇ ਨਮੂਨੇ ਲਏ ਹਨ।
ਵੱਖ-ਵੱਖ ਆਗੂਆਂ ਦੀਆਂ ਪ੍ਰਤੀਕਿਰਿਆਵਾਂ
ਕਾਂਗਰਸੀ ਆਗੂ ਪ੍ਰਤਾਪ ਬਾਜਵਾ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਵਿੱਚ ਹਿੰਸਾ ਵੱਧ ਰਹੀ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਸਵਾਲ ਉਠਾਏ ਅਤੇ ਕਿਹਾ ਕਿ ਗ੍ਰੇਨੇਡ ਹਮਲਿਆਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ।
ਕਾਲੀਆ ਦੀ ਸੁਰੱਖਿਆ ਹਟਾ ਦਿੱਤੀ ਗਈ ਸੀ
ਕਾਲੀਆ ਨੇ ਦੱਸਿਆ ਕਿ ਜਦੋਂ ਰਾਤ ਨੂੰ 1.30 ਵਜੇ ਉਨ੍ਹਾਂ ਦੇ ਘਰ ਦੇ ਗੇਟ ਉਤੇ ਧਮਾਕਾ ਹੋਇਆ ਤਾਂ ਉਨ੍ਹਾਂ ਸੋਚਿਆ ਕਿ ਸ਼ਾਇਦ ਟਰਾਂਸਫਾਰਮਰ ਦੇ ਓਵਰਲੋਡਿੰਗ ਕਾਰਨ ਧਮਾਕਾ ਹੋਇਆ ਹੈ, ਪਰ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਗ੍ਰੇਨੇਡ ਹਮਲਾ ਹੋਇਆ ਹੈ, ਤਾਂ ਉਨ੍ਹਾਂ ਦੇਖਿਆ ਕਿ ਧਮਾਕੇ ਕਾਰਨ ਘਰ ਦਾ ਦਰਵਾਜ਼ਾ ਟੁੱਟ ਗਿਆ ਸੀ ਅਤੇ ਕਾਰ ਨੂੰ ਨੁਕਸਾਨ ਪਹੁੰਚਿਆ ਸੀ। ਪਹਿਲਾਂ ਉਨ੍ਹਾਂ ਦੇ ਘਰ ਦੇ ਨੇੜੇ ਇੱਕ ਪੀਸੀਆਰ ਟੀਮ ਤਾਇਨਾਤ ਸੀ, ਪਰ ਹੁਣ ਇਸ ਨੂੰ ਹਟਾ ਦਿੱਤਾ ਗਿਆ ਸੀ।
ਪੁਲਿਸ ਸਟੇਸ਼ਨ ਸਿਰਫ਼ 100 ਮੀਟਰ ਦੀ ਦੂਰੀ 'ਤੇ
ਮਨੋਰੰਜਨ ਕਾਲੀਆ ਦੇ ਘਰ ਤੋਂ ਸਿਰਫ਼ 100 ਮੀਟਰ ਦੀ ਦੂਰੀ 'ਤੇ ਇੱਕ ਪੁਲਸ ਚੌਕੀ ਹੈ। ਇਸ ਦੇ ਬਾਵਜੂਦ ਹਮਲਾਵਰ ਈ-ਰਿਕਸ਼ਾ 'ਤੇ ਆਉਂਦੇ ਹਨ ਤੇ ਸ਼ਰੇਆਮ ਗ੍ਰੇਨੇੇਡ ਸੁੱਟਦੇ ਹਨ ਅਤੇ ਚਲੇ ਜਾਂਦੇ ਹਨ। ਪੁਲਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।