ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਕਾਂਗਰਸੀ ਆਗੂ ਤੇ ਵਰਕਰ ਚੰਡੀਗੜ੍ਹ ਵਿੱਚ ਕੇਂਦਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ । ਕਾਂਗਰਸੀ ਆਗੂ SEBI ਦੇ (ਸਿਕਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ) ਦਫ਼ਤਰ ਵੱਲ ਵਧ ਰਹੇ ਸਨ। ਪਰ ਰਸਤੇ 'ਚ ਪੁਲਸ ਨੇ ਬੈਰੀਕੇਡਿੰਗ ਲਗਾ ਕੇ ਰੋਕ ਲਿਆ ਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ।
ਕਾਂਗਰਸੀ ਵਰਕਰਾਂ ਤੇ ਪੁਲਿਸ ਵਿਚਾਲੇ ਹੋਈ ਝੜਪ
ਇਸ ਦੌਰਾਨ ਪੁਲਸ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੱਥੋਪਾਈ ਵੀ ਹੋਈ। ਕੁਝ ਆਗੂਆਂ ਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਵੱਡੀ ਗਿਣਤੀ 'ਚ ਮਹਿਲਾ ਵਰਕਰ ਵੀ ਪਹੁੰਚ ਗਈ| ਪੁਲਿਸ ਨੇ ਜਲ ਤੋਪਾਂ ਵੀ ਤਾਇਨਾਤ ਕੀਤੀਆਂ ਹਨ। ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਬੈਰੀਕੇਡ ਤੋੜ ਕੇ ਸੇਬੀ ਦਫਤਰ ਜਾਵਾਂਗੇ। ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ।
ਹਿੰਡਨਬਰਗ ਦੀ ਰਿਪੋਰਟ ਨੇ ਮਚਾਇਆ ਹੰਗਾਮਾ
ਕਾਂਗਰਸੀ ਆਗੂ ਅਤੇ ਵਰਕਰ ਸੇਬੀ ਮੁਖੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ ਹਨ ਅਤੇ ਜੇਪੀਸੀ ਮਾਮਲੇ ਦੀ ਜਾਂਚ ਦੀ ਵੀ ਮੰਗ ਕਰ ਰਹੇ ਹਨ। ਕਾਂਗਰਸ ਦਾ ਕਹਿਣਾ ਹੈ ਕਿ ਜੋ ਸਰਕਾਰ ਨੈਤਿਕਤਾ ਦੀ ਗੱਲ ਕਰਦੀ ਹੈ , ਹਿੰਡਨਬਰਗ ਰਿਪੋਰਟ ਦੇ ਆਉਣ ਤੋਂ ਬਾਅਦ ਉਨਹਾਂ ਦੇ ਕਾਲੇ ਕਾਰਨਾਮੇ ਸਾਹਮਣੇ ਆਏ ਹਨ।