ਜਲੰਧਰ (ਤਰੁਣ) : 23 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਚੌਗਿੱਟੀ ਫਲਾਈਓਵਰ ਦੋ ਮਹੀਨਿਆਂ 'ਚ ਸ਼ੁਰੂ ਹੋ ਜਾਵੇਗਾ। ਆਰਓਬੀ (ਰੇਲਵੇ ਓਵਰ ਬ੍ਰਿਜ) ਦੇ ਮੁਕੰਮਲ ਹੋਣ ਤੋਂ ਬਾਅਦ ਸਥਾਨਕ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਕਿਉਂਕਿ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਪਈਆਂ ਹਨ ਅਤੇ ਉਨ੍ਹਾਂ ਦੇ ਘਰਾਂ ਨੂੰ ਜਾਣ ਵਾਲੇ ਰਸਤੇ ਵੀ ਬੰਦ ਹੋ ਗਏ ਹਨ। ਰੇਲਵੇ ਨੇ ਬੋਇੰਗ ਬ੍ਰਿਜ ਯਾਨੀ ਆਰਚਡ ਬ੍ਰਿਜ ਦਾ ਕੰਮ ਪੂਰਾ ਕਰ ਲਿਆ ਹੈ ਅਤੇ ਹੁਣ ਸਾਰੀ ਜ਼ਿੰਮੇਵਾਰੀ PWD (ਲੋਕ ਨਿਰਮਾਣ ਵਿਭਾਗ) ਦੀ ਹੈ, ਜਿਸ ਨੂੰ ਹੁਣ ਇਸ ਕੰਮ ਨੂੰ ਜਲਦ ਤੋਂ ਜਲਦ ਪੂਰਾ ਕਰਨਾ ਹੋਵੇਗਾ।
66 ਕੇ.ਵੀ ਹਾਈਟੈਂਸ਼ਨ ਤਾਰਾਂ ਨੂੰ ਕੀਤਾ ਜਾ ਰਿਹਾ ਉੱਚਾ
ਇਸ ਦੇ ਨਾਲ ਹੀ ਫਲਾਈਓਵਰ ਦੇ ਉਪਰੋਂ ਲੰਘਦੀਆਂ 66 ਕੇ.ਵੀ ਹਾਈਟੈਂਸ਼ਨ ਤਾਰਾਂ ਦੇ ਵੱਡੇ-ਵੱਡੇ ਖੰਭੇ ਖੜ੍ਹੇ ਕੀਤੇ ਜਾ ਰਹੇ ਹਨ, ਜਿਸ ਕਾਰਨ ਹਰ ਦੂਜੇ ਦਿਨ ਕਰੀਬ 2 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਬੰਦ ਹੋ ਰਹੀ ਹੈ। ਦੂਜੇ ਪਾਸੇ ਜਲੰਧਰ ਲੁਧਿਆਣਾ ਹਾਈਵੇਅ ਤੋਂ ਲੰਘਦੀਆਂ ਹਾਈਟੈਂਸ਼ਨ ਤਾਰਾਂ ਨੂੰ ਉੱਚਾ ਚੁੱਕਣ ਲਈ ਬੀਬੀਐਮਬੀ ਨੂੰ ਪ੍ਰਸਤਾਵ ਭੇਜਿਆ ਗਿਆ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਹੀ ਕੰਮ ਸ਼ੁਰੂ ਹੋ ਸਕੇਗਾ।
ROB ਦਾ ਕੰਮ ਪੂਰਾ ਹੋਣ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਹਿਮਾਚਲ ਦੇ ਚਿੰਤਪੁਰਨੀ ਲਈ ਸਿੱਧਾ ਰਸਤਾ ਮਿਲ ਜਾਵੇਗਾ। ਉਨ੍ਹਾਂ ਨੂੰ ਨਾ ਤਾਂ ਲੰਮਾ ਪਿੰਡ ਅਤੇ ਨਾ ਹੀ ਰਾਮਾਮੰਡੀ ਰਾਹੀਂ ਜਾਣਾ ਪਵੇਗਾ।
ਟਾਵਰ ਲਾਈਨ ਨੂੰ ਫਲਾਈਓਵਰ ਤੋਂ ਲਗਭਗ 15 ਮੀਟਰ ਉੱਚਾ ਕੀਤਾ ਜਾ ਰਿਹਾ
ਪ੍ਰਾਜੈਕਟ ਮੈਨੇਜਰ ਪਵਨ ਨੇ ਦੱਸਿਆ ਕਿ ਫਲਾਈਓਵਰ ਦੇ ਉਪਰੋਂ ਲੰਘਦੀ ਟਾਵਰ ਲਾਈਨ ਨੂੰ 15 ਮੀਟਰ ਉੱਚਾ ਕੀਤਾ ਜਾ ਰਿਹਾ ਹੈ। ਇਸ ਦਾ ਇੱਕ ਫਾਇਦਾ ਇਹ ਹੈ ਕਿ ਕੋਈ ਵੀ ਭਾਰੀ ਵਾਹਨ ਆਸਾਨੀ ਨਾਲ ਇਸ ਫਲਾਈਓਵਰ 'ਤੇ ਚੜ੍ਹ ਸਕਦਾ ਹੈ ਪਰ ਦੂਜੇ ਪਾਸੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਨੇ ਹਾਲੇ ਤੱਕ ਫਾਈਲ ਨੂੰ ਮਨਜ਼ੂਰੀ ਨਾ ਦਿੱਤੇ ਜਾਣ ਕਾਰਨ ਟਾਵਰ ਲਾਈਨ ਨੂੰ ਫਿਲਹਾਲ ਉੱਚਾ ਨਹੀਂ ਕੀਤਾ ਜਾ ਰਿਹਾ। ਫਾਈਲ ਮਨਜ਼ੂਰ ਹੋਣ ਤੋਂ ਬਾਅਦ ਦੂਜੇ ਪਾਸੇ ਟਾਵਰ ਲਾਈਨ ਨੂੰ ਉੱਚਾ ਕੀਤਾ ਜਾਵੇਗਾ। ਇਸ ਕਾਰਨ ਭਾਰੀ ਵਾਹਨਾਂ ਨੂੰ ਨਾ ਸਿਰਫ਼ ਉੱਪਰ ਚੜ੍ਹਨ ਵਿੱਚ ਦਿੱਕਤ ਆਵੇਗੀ ਸਗੋਂ ਕੋਈ ਹਾਦਸਾ ਵਾਪਰਨ ਦਾ ਵੀ ਖਤਰਾ ਬਣਿਆ ਰਹੇਗਾ। ਉਸ ਲਈ ਲੋਕ ਨਿਰਮਾਣ ਵਿਭਾਗ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ ਕਿ ਕੋਈ ਵੀ ਭਾਰੀ ਵਾਹਨ ਇਸ ਉਪਰੋਂ ਨਾ ਲੰਘੇ।
ਫਲਾਈਓਵਰ ਬਣਨ ਨਾਲ ਟ੍ਰੈਫਿਕ ਤੋਂ ਮਿਲੇਗੀ ਰਾਹਤ
ਇਲਾਕਾ ਨਿਵਾਸੀ ਜਰਨੈਲ ਸਿੰਘ ਨੇ ਦੱਸਿਆ ਕਿ ਫਲਾਈਓਵਰ ਦੇ ਬਣਨ ਨਾਲ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ, ਇਸ ਤੋਂ ਪਹਿਲਾਂ ਲੋਕਾਂ ਨੂੰ ਕਾਫੀ ਸਮਾਂ ਫਾਟਕ 'ਤੇ ਖੜ੍ਹ ਕੇ ਇੰਤਜ਼ਾਰ ਕਰਨਾ ਪੈਂਦਾ ਸੀ, ਜਿਸ ਕਾਰਨ ਕਾਫੀ ਸਮਾਂ ਵੀ ਬਰਬਾਦ ਹੋ ਜਾਂਦਾ ਸੀ। ਫਲਾਈਓਵਰ ਦੇ ਨਿਰਮਾਣ ਤੋਂ ਆਸ-ਪਾਸ ਦੇ ਲੋਕ ਬਹੁਤ ਖੁਸ਼ ਹਨ ਅਤੇ ਉਮੀਦ ਹੈ ਕਿ ਕੰਮ ਪੂਰਾ ਹੋਣ ਤੋਂ ਬਾਅਦ ਇਹ ਜਲਦੀ ਹੀ ਸ਼ੁਰੂ ਹੋ ਜਾਵੇਗਾ।
ਦੂਜੇ ਪਾਸੇ ਰੇਸ਼ਮ ਨੇ ਦੱਸਿਆ ਕਿ ਇਸ ਫਲਾਈਓਵਰ ਦੇ ਨਿਰਮਾਣ ਕਾਰਜ ਨੂੰ ਲਗਭਗ 3 ਸਾਲ ਹੋ ਗਏ ਹਨ। ਇਹ ਫਲਾਈਓਵਰ 18 ਮਹੀਨਿਆਂ 'ਚ ਬਣ ਕੇ ਤਿਆਰ ਹੋ ਜਾਣਾ ਸੀ ਪਰ ਹੁਣ ਜਲਦ ਹੀ ਫਲਾਈਓਵਰ ਸ਼ੁਰੂ ਹੋ ਜਾਵੇਗਾ, ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।
ਚੌਗਿੱਟੀ ਸਬ-ਸਟੇਸ਼ਨ ਨੂੰ ਹਰ ਐਤਵਾਰ ਬੰਦ ਕਰਨਾ ਪਵੇਗਾ
ਪਾਵਰਕੌਮ ਦੇ ਉਪ ਮੁੱਖ ਇੰਜਨੀਅਰ ਗੁਲਸ਼ਨ ਚੌਟਾਨੀ ਨੇ ਦੱਸਿਆ ਕਿ ਟਾਵਰ ਲਾਈਨ ਨੂੰ ਉੱਚਾ ਚੁੱਕਣ ਲਈ ਫਾਈਲ ਮੁੱਖ ਦਫ਼ਤਰ ਨੂੰ ਭੇਜ ਦਿੱਤੀ ਗਈ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਜਦੋਂ ਲਾਈਨ ਨੂੰ ਉੱਚਾ ਚੁੱਕਣ ਦਾ ਕੰਮ ਸ਼ੁਰੂ ਹੋਵੇਗਾ ਤਾਂ ਚੌਗਿੱਟੀ ਸਬ ਸਟੇਸ਼ਨ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਪਵੇਗਾ। ਟਾਵਰ ਲਾਈਨ ਨੂੰ ਉੱਚਾ ਚੁੱਕਣ ਦੀ ਮਨਜ਼ੂਰੀ ਐਤਵਾਰ ਨੂੰ ਹੀ ਦਿੱਤੀ ਜਾਵੇਗੀ।
ਆਲੇ-ਦੁਆਲੇ ਦੀਆਂ 20 ਕਲੋਨੀਆਂ ਦੇ ਲੋਕਾਂ ਨੂੰ ਰਾਹਤ ਮਿਲੇਗੀ
ਆਰਓਬੀ ਦੇ ਚਾਲੂ ਹੋਣ ਤੋਂ ਬਾਅਦ ਨੇੜਲੇ 20 ਤੋਂ ਵੱਧ ਕਲੋਨੀਆਂ ਨੂੰ ਰਾਹਤ ਮਿਲੇਗੀ ਕਿਉਂਕਿ ਕੰਮ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਹਨ ਅਤੇ ਉਨ੍ਹਾਂ ਦੇ ਘਰਾਂ ਨੂੰ ਜਾਣ ਵਾਲੇ ਰਸਤੇ ਵੀ ਬੰਦ ਹਨ। ਲੋਕਾਂ ਨੂੰ ਆਪਣੇ ਵੱਡੇ ਵਾਹਨ ਬਾਹਰ ਖੜ੍ਹੇ ਕਰਨੇ ਪੈ ਰਹੇ ਹਨ।
ਗੁਰੂ ਨਾਨਕਪੁਰਾ ਦੇ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਨਹੀਂ ਮਿਲੇਗੀ ਰਾਹਤ
ਚੌਗਿੱਟੀ ਫਲਾਈਓਵਰ ਦਾ ਲਾਭ ਸਿਰਫ਼ ਸਥਾਨਕ ਲੋਕਾਂ ਨੂੰ ਹੀ ਮਿਲੇਗਾ। ਗੁਰੂ ਨਾਨਕਪੁਰਾ ਫਾਟਕ ’ਤੇ ਟਰੈਫਿਕ ਜਾਮ ਦੀ ਸਥਿਤੀ ਬਣੀ ਰਹੇਗੀ। ਚੌਗਿੱਟੀ ਵੱਲ ਜਾਣ ਵਾਲੇ ਲੋਕਾਂ ਨੂੰ ਰਾਮਾਮੰਡੀ ਤੋਂ ਹੋ ਕੇ ਲੰਘਣਾ ਪਵੇਗਾ। ਜੇਕਰ ਉਹ ਗੁਰੂ ਨਾਨਕ ਪੁਰਾ ਫਾਟਕ ਤੋਂ ਹੀ ਲੰਘਦੇ ਹਨ ਤਾਂ ਉਨ੍ਹਾਂ ਨੂੰ ਟ੍ਰੈਫਿਕ ਜਾਮ ਅਤੇ ਫਾਟਕ ਖੁੱਲ੍ਹਣ ਦੀ ਉਡੀਕ ਕਰਨੀ ਪਵੇਗੀ। ਇਸ ਫਾਟਕ ਕੋਲ ਰੇਲਵੇ ਓਵਰਬ੍ਰਿਜ ਪਾਸ ਹੈ। ਜਿਸ ਦਾ ਕੁੱਲ ਬਜਟ 40 ਕਰੋੜ ਰੁਪਏ ਦੇ ਕਰੀਬ ਹੈ ਅਤੇ ਰੇਲਵੇ ਇਸ ਬਜਟ ਵਿੱਚੋਂ ਆਪਣਾ ਹਿੱਸਾ ਪਹਿਲਾਂ ਹੀ ਦੇ ਚੁੱਕਾ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਸਿਰਫ਼ ਫੰਡ ਹੀ ਜਾਰੀ ਕੀਤੇ ਜਾਣੇ ਬਾਕੀ ਹਨ।
2 ਮਹੀਨਿਆਂ ਬਾਅਦ ਹਰ ਹਾਲ 'ਚ ਸ਼ੁਰੂ ਹੋਵੇਗਾ ਫਲਾਈਓਵਰ
ਲੋਕ ਨਿਰਮਾਣ ਵਿਭਾਗ ਦੇ ਐਸਡੀਓ ਵਿਸ਼ਾਲ ਜੰਗਰਾਲ ਨੇ ਦੱਸਿਆ ਕਿ ਕੰਮ ਅੰਤਿਮ ਪੜਾਅ ’ਤੇ ਪਹੁੰਚ ਗਿਆ ਹੈ। ਕਿਸੇ ਵੀ ਹਾਲਤ ਵਿੱਚ ਫਲਾਈਓਵਰ ਨੂੰ ਦੋ ਮਹੀਨਿਆਂ ਵਿੱਚ ਚਾਲੂ ਕਰ ਦਿੱਤਾ ਜਾਵੇਗਾ। ਇੱਕ ਪਾਸੇ ਸੜਕ ਬਣ ਚੁੱਕੀ ਹੈ ਅਤੇ ਦੂਜੇ ਪਾਸੇ ਲੁੱਕ ਵਿਛਾਉਣ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਦੂਜੀ ਟਾਵਰ ਲਾਈਨ ਅਜੇ ਉੱਚੀ ਨਹੀਂ ਹੋ ਸਕਦੀ ਕਿਉਂਕਿ ਪਾਵਰਕੌਮ ਬੀਬੀਐਮਬੀ ਤੋਂ ਮਨਜ਼ੂਰੀ ਨਹੀਂ ਲੈ ਸਕਿਆ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਟਾਵਰ ਲਾਈਨ ਉੱਚੀ ਨਹੀਂ ਹੈ,ਫਲਾਈਓਵਰ ਨੂੰ ਚਾਲੂ ਕਰ ਦਿੱਤਾ ਜਾਵੇਗਾ ਪਰ ਇਸ ਦੇ ਚਾਲੂ ਹੋਣ ਤੋਂ ਬਾਅਦ ਭਾਰੀ ਵਾਹਨਾਂ ਨੂੰ ਇਸ ਉਪਰੋਂ ਲੰਘਣ ਦੀ ਇਜਾਜ਼ਤ ਨਹੀਂ ਹੋਵੇਗੀ।