ਅੰਦਰ ਜਾਵਾਂ ਤੇ ਪੋਤੇ-ਪੋਤੀਆਂ ਆਵਾਜ਼ਾਂ ਮਾਰਦੇ ਹਨ ਤੇ ਬਾਹਰ ਜਾਵਾਂ ਤਾਂ ਓਹ ਦਿਨ ਯਾਦ ਆਉਂਦੇ ਹਨ, ਜਦੋਂ ਸਾਰੇ ਮੇਰੇ ਤੋਂ ਵਿਛੜ ਗਏ। ਮੇਰਾ ਪਰਿਵਾਰ ਉਜੜ ਗਿਆ। ਮੇਰੇ ਕੋਲ ਕੁਝ ਨਹੀਂ ਰਿਹਾ।ਇਹ ਗੱਲਾਂ ਉਸ ਬਦਨਸੀਬ ਔਰਤ ਦੀਆਂ ਹਨ, ਜਿਸ ਦਾ ਪੁੱਤ-ਨੂੰਹ,ਪੋਤੇ-ਪੋਤੀਆਂ ਤੇ ਪਤੀ ਇਕੋ ਝਟਕੇ ਹੀ ਹਾਦਸੇ ਵਿਚ ਉਸ ਨਾਲੋਂ ਵਿਛੜ ਗਏ।
ਦੱਸ ਦੇਈਏ ਕਿ ਜਲੰਧਰ ਦੇ ਅਵਤਾਰ ਨਗਰ ਵਿਚ ਬੀਤੇ ਦਿਨ ਅਵਤਾਰ ਨਗਰ 'ਚ ਵਾਪਰੀ ਘਟਨਾ ਸਭ ਨੂੰ ਯਾਦ ਹੋਵੇਗੀ, ਜਿਸ ਨੂੰ ਸੁਣ ਕੇ ਦੁੱਖ ਹੋਇਆ ਪਰ ਇਸ ਦੁੱਖ ਦਾ ਦਰਦ ਕੋਈ ਸਾਂਝਾ ਨਹੀਂ ਕਰ ਸਕਦਾ। ਜਿਸ ਨੇ ਆਪਣੇ ਹੱਥਾਂ ਨਾਲ ਪਰਿਵਾਰ ਨੂੰ ਪਾਲਿਆ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ। ਕੁਝ ਹੀ ਦੇਰ ਵਿਚ ਇਹ ਸਭ ਖਤਮ ਹੋ ਗਿਆ।
ਅਵਤਾਰ ਨਗਰ ਗਲੀ ਨੰਬਰ 12 ਵਿੱਚ ਫਰਿੱਜ ਵਿੱਚ ਧਮਾਕੇ ਤੋਂ ਬਾਅਦ ਲੱਗੀ ਅੱਗ ਵਿੱਚ ਝੁਲਸ ਗਏ ਪਰਿਵਾਰ ਵਿੱਚੋਂ ਬਲਬੀਰ ਕੌਰ ਇੱਕਲੀ ਬਚੀ ਹੈ। ਘਰ ਦਾ ਹਰ ਕੋਨਾ ਸੜ ਗਿਆ ਹੈ। ਖਬਰਿਸਤਾਨ ਦੀ ਟੀਮ ਬਲਬੀਰ ਕੌਰ ਨੂੰ ਮਿਲਣ ਉਸ ਦੇ ਘਰ ਗਈ। ਆਪਣੇ ਪੋਤੇ-ਪੋਤੀਆਂ ਬਾਰੇ ਪੁੱਛਣ 'ਤੇ ਬਲਬੀਰ ਕੌਰ ਨੇ ਕਿਹਾ, "ਉਹ ਮੇਰੇ ਬਲੂੰਗੜੇ ਸੀ, ਉਹ ਮੈਨੂੰ ਬਹੁਤ ਪਿਆਰ ਕਰਦੇ ਸਨ, ਕਾਸ਼ ਮੈਂ ਉਨ੍ਹਾਂ ਦੇ ਨਾਲ ਜਾਣ ਲਈ ਉਸ ਦਿਨ ਅੰਦਰ ਹੁੰਦੀ।
ਮੇਰਾ ਪਰਿਵਾਰ ਤਬਾਹ ਹੋ ਗਿਆ
"ਮੈਂ ਹੁਣ ਕੀ ਕਰਾਂਗੀ ਮੈਂ ਇਕੱਲੀ ਰਹਿ ਗਈ ਹਾਂ? ਮੇਰਾ ਪਰਿਵਾਰ ਤਬਾਹ ਹੋ ਗਿਆ ਹੈ। ਜਦੋਂ ਮੈਨੂੰ ਆਪਣੇ ਪੋਤੇ-ਪੋਤੀਆਂ ਦੀਆਂ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਤਾਂ ਮੈਂ ਉੱਚੀ-ਉੱਚੀ ਹੱਸ ਪੈਂਦੀ ਹਾਂ ਪਰ ਜਦੋਂ ਮੈਨੂੰ ਯਾਦ ਆਉਂਦਾ ਹੈ ਕਿ ਉਹ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ ਤਾਂ ਮੈਂ ਰੋਣ ਲੱਗ ਜਾਂਦੀ ਹਾਂ।ਬਲਬੀਰ ਕੌਰ ਦਾ ਹੌਸਲਾ ਵਧਾਉਣ ਲਈ ਆਂਢ-ਗੁਆਂਢ ਦੀਆਂ ਔਰਤਾਂ ਅਤੇ ਉਸ ਦੀਆਂ ਧੀਆਂ ਘਰ ਵਿੱਚ ਮੌਜੂਦ ਸਨ। ਉਸ ਨੇ ਆਪਣੇ ਪਤੀ ਯਸ਼ਪਾਲ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਜਵਾਨੀ ਵਿੱਚ ਬਹੁਤ ਮਿਹਨਤ ਕੀਤੀ ਤੇ ਉਸ ਨੇ ਉਸ ਦਾ ਸਾਥ ਵੀ ਦਿੱਤਾ ਪਰ ਅੱਜ ਉਹ ਉਨ੍ਹਾਂ ਦੇ ਨਾਲ ਨਹੀਂ ਹਨ।