ਜਲੰਧਰ ਲੋਕ ਸਭਾ ਸੀਟ 'ਤੇ 9 ਸਾਲ ਰਾਜ ਕਰਨ ਵਾਲਾ ਚੌਧਰੀ ਪਰਿਵਾਰ ਅੱਜ ਭਾਜਪਾ 'ਚ ਸ਼ਾਮਲ ਹੋ ਗਿਆ। ਸਵ. ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਅਤੇ ਹਿਮਾਚਲ ਦੇ ਸਹਿ ਇੰਚਾਰਜ ਤਜਿੰਦਰ ਸਿੰਘ ਬਿੱਟੂ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ, ਜਿਸ ਕਾਰਨ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਹੁਣ ਇਸ ਸਬੰਧੀ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਚੌਧਰੀ ਪਰਿਵਾਰ ਨੇ ਆਪਣਾ ਸਿਆਸੀ ਕਰੀਅਰ ਕੀਤਾ ਖਤਮ
ਚੰਨੀ ਨੇ ਕਿਹਾ ਕਿ ਚੌਧਰੀ ਪਰਿਵਾਰ ਨੂੰ ਸਬਰ ਰੱਖਣਾ ਚਾਹੀਦਾ ਸੀ।ਕਾਂਗਰਸ ਨੇ ਚੌਧਰੀ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੌਧਰੀ ਪਰਿਵਾਰ ਆਪਣਾ ਸਿਆਸੀ ਕਰੀਅਰ ਖਤਮ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵਿਕਰਮਜੀਤ ਚੌਧਰੀ ਕਾਂਗਰਸ ਦੇ ਵਿਧਾਇਕ ਹੀ ਹਨ।
ਚੰਨੀ ਨੂੰ ਟਿਕਟ ਦੇਣ ਤੋਂ ਨਾਰਾਜ਼
ਦੱਸ ਦੇਈਏ ਕਿ ਇਸ ਵਾਰ ਕਾਂਗਰਸ ਨੇ ਜਲੰਧਰ ਸੀਟ 'ਤੇ ਚੌਧਰੀ ਪਰਿਵਾਰ ਦੀ ਬਜਾਏ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ 'ਚ ਉਤਾਰਿਆ ਹੈ, ਜਿਸ ਕਾਰਨ ਚੌਧਰੀ ਪਰਿਵਾਰ ਨਾਰਾਜ਼ ਸੀ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਚੌਧਰੀ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਪਾਰਟੀ ਵਿਚ ਕੰਮ ਕਰ ਰਿਹਾ ਸੀ, ਉਨ੍ਹਾਂ ਦੇ ਬਜ਼ੁਰਗਾਂ ਨੇ ਕਾਂਗਰਸ ਪਾਰਟੀ ਵਿਚ ਬਹੁਤ ਕੰਮ ਕੀਤਾ ਹੈ। ਹੁਣ ਉਨ੍ਹਾਂ ਦੇ ਪਰਿਵਾਰ ਨੇ ਗਲਤ ਕਦਮ ਚੁੱਕਿਆ ਹੈ।
ਕਾਂਗਰਸ ਨੂੰ ਕੋਈ ਫ਼ਰਕ ਨਹੀਂ: ਚੰਨੀ
ਚੰਨੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਕਾਂਗਰਸ ਪਾਰਟੀ ਨੂੰ ਕੋਈ ਫਰਕ ਪਵੇਗਾ ਪਰ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਸੰਤੋਖ ਸਿੰਘ ਚੌਧਰੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਪਰ ਉਨ੍ਹਾਂ ਦੀ ਆਤਮਾ ਕਾਂਗਰਸ ਪਾਰਟੀ ਨਾਲ ਜ਼ਿੰਦਾ ਸੀ, ਹੁਣ ਉਨ੍ਹਾਂ ਦੇ ਪਰਿਵਾਰ ਨੇ ਭਾਜਪਾ ਵਿਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਮਾਰ ਦਿੱਤਾ ਹੈ ਤੇ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ।
ਦੁਰਯੋਦਨ ਦੀ ਦਿੱਤੀ ਮਿਸਾਲ
ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਦੁਰਯੋਧਨ ਨੇ ਮਹਾਭਾਰਤ ਵਿੱਚ ਆਪਣੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਉਸੇ ਤਰ੍ਹਾਂ ਵਿਕਰਮ ਚੌਧਰੀ ਦੇ ਇਸ ਫੈਸਲੇ ਕਾਰਨ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਸਿਆਸੀ ਕਰੀਅਰ ਖਤਮ ਕਰ ਦਿੱਤਾ ਹੈ। ਜਿਹੜੇ ਲੋਕ ਕਾਂਗਰਸ ਛੱਡ ਕੇ ਜਾ ਰਹੇ ਹਨ, ਉਹ ਡਰ ਜਾਂ ਲਾਲਚ ਦੇ ਮਾਰੇ ਜਾ ਰਹੇ ਹਨ ਅਤੇ ਲੋਕਾਂ ਨੇ ਅਜਿਹੇ ਆਗੂਆਂ ਨੂੰ ਬਿਲਕੁਲ ਵੀ ਮੂੰਹ ਨਹੀਂ ਲਾਉਣਾ।