ਪੰਜਾਬ ਦੀਆਂ 13 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਦੱਸ ਦੇਈਏ ਕਿ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਹਰਾਇਆ ਜੋ ਕਿ ਦੂਜੇ ਸਥਾਨ ’ਤੇ ਰਹੇ।
ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ
ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ ਚੌਥੀ ਵਾਰ ਉਮੀਦਵਾਰ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਜਿੱਤ ਗਈ ਹੈ। ਉਨ੍ਹਾਂ ‘ਆਪ’ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਹਰਾਇਆ।
ਜਿੱਤ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਸਮੂਹ ਬਠਿੰਡਾ ਹਲਕਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਜਿੱਤ ਦਾ ਕਿਸੇ ਵੀ ਤਰ੍ਹਾਂ ਦਾ ਜਸ਼ਨ ਨਾ ਮਨਾਇਆ ਜਾਵੇ। ਇਸ ਦੇ ਪਿੱਛੇ ਕਾਰਣ ਹੈ ਕਿ ਜੂਨ 1984 ਅੰਮ੍ਰਿਤਸਰ ਸਾਹਿਬ ਘੱਲੂਘਾਰਾ ਹਫਤਾ ਚੱਲ ਰਿਹਾ ਹੈ।
ਅੰਮ੍ਰਿਤਸਰ ਤੋਂ ਔਜਲਾ ਜਿੱਤੇ
ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਲਗਾਤਾਰ ਤੀਜੀ ਵਾਰ ਜਿੱਤੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ (ਆਪ) ਦੇ ਕੁਲਦੀਪ ਸਿੰਘ ਧਾਲੀਵਾਲ ਨੂੰ 37587 ਵੋਟਾਂ ਨਾਲ ਹਰਾਇਆ। ਔਜਲਾ ਨੂੰ 247385 ਵੋਟਾਂ ਮਿਲੀਆਂ। ਜਦਕਿ ਧਾਲੀਵਾਲ ਨੂੰ 209798 ਵੋਟਾਂ ਮਿਲੀਆਂ। ਇਸਤੋਂ ਇਲਾਵਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਡਾ: ਅਮਰ ਸਿੰਘ ਜੇਤੂ ਰਹੇ ਹਨ।
ਗੁਰਮੀਤ ਸਿੰਘ ਮੀਤ ਹੇਅਰ ਜਿੱਤੇ ਸੰਗਰੂਰ ਤੋਂ
ਦੱਸ ਦਈਏ ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਜੇਤੂ ਰਹੇ ਹਨ। ਉਨ੍ਹਾਂ ਇਸ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੂੰ ਕਰੀਬ 1.68 ਲੱਖ ਵੋਟਾਂ ਨਾਲ ਹਰਾਇਆ।
ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ ਜੇਤੂ
ਆਨੰਦਪੁਰ ਸਾਹਿਬ ਸੀਟ ਤੋਂ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਕੰਗ ਨੇ ਜਿੱਤ ਦਰਜ ਕੀਤੀ ਹੈ। ਕੰਗ ਨੇ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਘ ਨੂੰ 10827 ਵੋਟਾਂ ਨਾਲ ਹਰਾਇਆ। ਮਾਲਵਿੰਦਰ ਸਿੰਘ ਕੰਗ ਨੇ 3,12,241 ਵੋਟਾਂ ਹਾਸਲ ਕੀਤੀਆਂ, ਜਦਕਿ ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਨੂੰ 3,01,414 ਵੋਟਾਂ ਮਿਲੀਆਂ। ਤੀਜੇ ਸਥਾਨ ‘ਤੇ ਰਹੇ ਭਾਰਤੀ ਜਨਤਾ ਪਾਰਟੀ ਦੇ ਡਾ: ਸੁਭਾਸ਼ ਸ਼ਰਮਾ ਨੂੰ 1,85,836 ਵੋਟਾਂ ਮਿਲੀਆਂ |
ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ: ਅਮਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀ.ਪੀ. ਨੂੰ 34,202 ਵੋਟਾਂ ਨਾਲ ਮਾਤ ਦਿੱਤੀ। ਡਾ: ਅਮਰ ਸਿੰਘ ਨੂੰ 3,32,591 ਵੋਟਾਂ ਪਈਆਂ ਅਤੇ ਜਦਕਿ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀ.ਪੀ. ਨੂੰ 2,98,389 ਵੋਟਾਂ ਮਿਲੀਆਂ।
ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਹੋਈ ਹੈ। ਸਰਬਜੀਤ ਨੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਦੋਸਤ ਅਤੇ ਭਾਜਪਾ ਦੇ ਹੰਸਰਾਜ ਹੰਸ ਨੂੰ ਹਰਾਇਆ।ਇੱਥੋਂ ਮੁੱਖ ਮੁਕਾਬਲਾ ‘ਆਪ’ ਉਮੀਦਵਾਰ ਕਰਮਜੀਤ ਅਨਮੋਲ, ਭਾਜਪਾ ਉਮੀਦਵਾਰ ਹੰਸਰਾਜ ਹੰਸ ਅਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਵਿਚਕਾਰ ਸੀ।