ਜਲੰਧਰ ਨਗਰ ਨਿਗਮ ’ਚ ਮੇਅਰ ਦੀ ਚੋਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਅਤੇ ਨਾਂਅ ਦਾ ਐਲਾਨ ਟਾਲਿਆ ਜਾ ਰਿਹਾ ਹੈ। ਇਸ ਦੌਰਾਨ ਕੈਂਟ ਹਲਕੇ ਵਿਚ ਭਾਜਪਾ ਦੀ ਵਾਰਡ-17 ਦੀ ਕੌਂਸਲਰ ਸੱਤਿਆ ਰਾਣੀ ਆਪਣੇ ਪਤੀ ਕਿਰਪਾਲ ਪਾਲੀ ਸਮੇਤ ਕਾਕੂ ਆਹਲੂਵਾਲੀਆ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।
ਇਹ ਵੀ ਰਹੇ ਹਾਜ਼ਰ
ਭਾਜਪਾ ਦੀ ਕੌਂਸਲਰ ਸੱਤਿਆ ਰਾਣੀ ਨੂੰ ਮੰਤਰੀ ਡਾ. ਰਵਜੋਤ, ਮੰਤਰੀ ਮਹਿੰਦਰ ਭਗਤ, ਅਤੁਲ ਭਗਤ, ਵਿਨੀਤ ਧੀਰ ਆਦਿ ਦੀ ਹਾਜ਼ਰੀ ਵਿਚ ਪਾਰਟੀ ਵਿਚ ਸ਼ਾਮਲ ਕੀਤਾ ਗਿਆ।
ਆਪ ਪੁੱਜੀ ਬਹੁਮਤ ਦੇ ਅੰਕੜੇ ਤੱਕ
ਸੱਤਿਆ ਰਾਣੀ ਦੇ 'ਆਪ' 'ਚ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਨੇ ਬਹੁਮਤ ਦੇ ਅੰਕੜੇ ਨੂੰ ਛੂਹ ਲਿਆ ਹੈ। ਦੱਸ ਦੇਈਏ ਕਿ ਸੱਤਿਆ ਰਾਣੀ ਆਪਣੇ ਪਰਿਵਾਰ ਸਮੇਤ 'ਆਪ' 'ਚ ਸ਼ਾਮਲ ਹੋ ਗਏ। ਉਹ ਭਾਜਪਾ ਦੀ ਟਿਕਟ 'ਤੇ ਕੌਂਸਲਰ ਬਣੇ ਸਨ।
ਨਤੀਜੇ ਐਲਾਨੇ ਨੂੰ 21 ਦਿਨ ਬੀਤ ਚੁੱਕੇ ਹਨ
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਐਲਾਨੇ ਨੂੰ 21 ਦਿਨ ਬੀਤ ਚੁੱਕੇ ਹਨ ਪਰ ਹੁਣ ਤੱਕ ਕਿਸੇ ਵੀ ਨਗਰ ਨਿਗਮ ਦੇ ਮੇਅਰ ਦੀ ਚੋਣ ਨਹੀਂ ਹੋਈ ਹੈ। ਚੋਣ ਨਤੀਜਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ, ਜਿਸ ਕਾਰਨ ਸਾਰੀਆਂ ਪਾਰਟੀਆਂ ਲਾਬਿੰਗ ਵਿੱਚ ਲੱਗੀਆਂ ਹੋਈਆਂ ਸਨ।