ਫਰੀਦਕੋਟ 'ਚ ਮੰਗਲਵਾਰ ਦੇਰ ਰਾਤ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਮੁਕਾਬਲੇ 'ਚ ਦੋਵੇਂ ਬਦਮਾਸ਼ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਵੇਂ ਬੰਬੀਹਾ ਗੈਂਗ ਦੇ ਮੈਂਬਰ ਹਨ ਅਤੇ ਇਨ੍ਹਾਂ ਦੀ ਪਛਾਣ ਹਰਮਨਦੀਪ ਸਿੰਘ ਉਰਫ਼ ਰੂਸਾ ਅਤੇ ਸੁਖਜੀਤ ਉਰਫ਼ ਸੁੱਖ ਰੋਮਾਣਾ ਵਜੋਂ ਹੋਈ ਹੈ। ਦੋਵਾਂ ਕੋਲੋਂ 2 ਪਿਸਤੌਲ, 6 ਕਾਰਤੂਸ ਅਤੇ ਇਕ ਫਾਰਚੂਨਰ ਕਾਰ ਬਰਾਮਦ ਕੀਤੀ ਗਈ ਹੈ।
ਰੋਕਣ 'ਤੇ ਪੁਲਿਸ 'ਤੇ ਗੋਲੀਆਂ ਚਲਾਈਆਂ
ਐਸਐਸਪੀ ਪ੍ਰਗਿਆ ਜੈਨ ਨੇ ਦੱਸਿਆ ਕਿ ਸਾਡੀ ਸੀਆਈਏ ਟੀਮ ਨੂੰ ਸੂਚਨਾ ਮਿਲੀ ਸੀ ਕਿ ਫਰੀਦਕੋਟ ਦੇ ਕੋਟਕਪੂਰਾ ਖੇਤਰ ਵਿੱਚ ਵਾਂਟੇਡ ਗੈਂਗਸਟਰ ਸਿੰਮਾ ਬਹਿਬਲ ਨਾਲ ਜੁੜੇ ਮੁਲਜ਼ਮਾਂ ਦੀ ਹਰਕਤ ਵੇਖੀ ਗਈ ਸੀ । ਇਸ ਦੇ ਆਧਾਰ ’ਤੇ ਪੁਲਸ ਨੇ ਬੀੜ ਸਿੱਖਾਂ ਵਾਲਾ ਨੇੜੇ ਨਾਕਾਬੰਦੀ ਕਰ ਦਿੱਤੀ। ਮੰਗਲਵਾਰ ਰਾਤ ਨੂੰ ਇੱਕ ਫਾਰਚੂਨਰ ਕਾਰ ਨਾਕੇ 'ਤੇ ਪਹੁੰਚੀ।
ਚੈਕਿੰਗ ਦੌਰਾਨ ਗੋਲੀਆਂ ਚੱਲੀਆਂ
ਜਦੋਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹੱਥਾਂ ਦੇ ਕੇ ਚੈਕਿੰਗ ਲਈ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਨਾ ਰੁਕੀ। ਇਸ ਦੀ ਬਜਾਏ ਗੱਡੀ 'ਚ ਸਵਾਰ ਲੋਕਾਂ ਨੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਪੁਲਿਸ ਨੇ ਵੀ ਗੋਲੀਬਾਰੀ ਕੀਤੀ, ਜਿਸ ਵਿਚ ਦੋਵੇਂ ਦੋਸ਼ੀਆਂ ਦੇ ਗੋਲੀਆਂ ਲੱਗੀਆਂ। ਇਸ ਤੋਂ ਬਾਅਦ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਦੋਹਾਂ ਦੀਆਂ ਲੱਤਾਂ 'ਚ ਗੋਲੀ ਲੱਗੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।