ਜਲੰਧਰ ਸੀ.ਆਈ.ਏ ਸਟਾਫ ਨੇ ਜਲੰਧਰ, ਹੁਸ਼ਿਆਰਪੁਰ ਅਤੇ ਤਰਨਤਾਰਨ ਤੋਂ 3 ਅਸਲਾ ਸਮੱਗਲਰਾਂ ਨੂੰ 6 ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦੇ 5 ਪਿਸਤੌਲ, ਇੱਕ 30 ਬੋਰ ਦਾ ਪਿਸਤੌਲ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਉਰਫ ਜੱਸਾ, ਹਰਸ਼ਦੀਪ, ਸ਼ੇਖਰ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਸਮੱਗਲਰਾਂ ਦੇ ਬੰਬੀਹਾ ਗੈਂਗ ਨਾਲ ਜੁੜੇ ਤਾਰ
ਕਮਿਸ਼ਨਰ ਸਵਪਨ ਸ਼ਰਮਾ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰੇਲਵੇ ਕਲੋਨੀ ਨੇੜੇ ਮੁਲਜ਼ਮਾਂ ਦੀ ਹਰਕਤ ਦੇਖੀ ਗਈ ਹੈ, ਜਿਸ ਤੋਂ ਬਾਅਦ ਸੀਆਈਏ ਇੰਚਾਰਜ ਸੁਰਿੰਦਰ ਕੰਬੋਜ ਆਪਣੀ ਟੀਮ ਸਮੇਤ ਰੇਡ ਕਰਨ ਲਈ ਰੇਲਵੇ ਕਲੋਨੀ ਪੁੱਜੇ, ਜਿੱਥੇ ਉਨ੍ਹਾਂ ਨੇ ਮੁਲਜ਼ਮਾਂ ਨੂੰ ਹਥਿਆਰਾਂ ਅਤੇ ਕਾਰਤੂਸਾਂ ਸਮੇਤ ਕਾਬੂ ਕਰ ਲਿਆ। ਪੁਲਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਬੰਬੀਹਾ ਗੈਂਗ ਨਾਲ ਜੁੜੇ ਹੋਏ ਹਨ। ਉਹ ਸੂਬੇ ਵਿੱਚ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਦੇ ਸਨ।
ਮੁਲਜ਼ਮਾਂ ਦਾ ਖੰਗਾਲਿਆ ਜਾ ਰਿਹੈ ਪਿਛਲਾ ਰਿਕਾਰਡ
ਪੁਲਸ ਨੇ ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੇ ਪਿਛਲੇ ਟਰੈਕ ਰਿਕਾਰਡ ਦੀ ਪੁਲਸ ਜਾਂਚ ਕਰ ਰਹੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।