ਪੰਜਾਬ 'ਚ ਅੱਜ ਤੋਂ ਸਕੂਲ ਖੁੱਲ੍ਹ ਗਏ ਹਨ ਅਤੇ ਸਕੂਲ ਖੁੱਲ੍ਹਣ ਦੇ ਪਹਿਲੇ ਹੀ ਦਿਨ ਸੰਗਰੂਰ 'ਚ ਬੱਚਿਆਂ ਨਾਲ ਭਰੀ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ। ਸੰਗਰੂਰ ਦੇ ਭਵਾਨੀਗੜ੍ਹ 'ਚ ਸਵੇਰੇ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਵੈਨ ਦੀ ਕਾਰ ਨਾਲ ਟੱਕਰ ਹੋ ਗਈ। ਜਿਸ 'ਚ 11 ਬੱਚੇ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
SSF ਨੇ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ
ਸਕੂਲ ਵੈਨ ਦੇ ਹਾਦਸੇ ਦੀ ਸੂਚਨਾ ਜਿਵੇਂ ਹੀ ਰੋਡ ਸੇਫਟੀ ਫੋਰਸ ਨੂੰ ਮਿਲੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਜ਼ਖਮੀ ਬੱਚਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਇਲਾਜ ਤੋਂ ਬਾਅਦ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ। ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਹਾਦਸਾ ਕਿਸ ਦੀ ਗਲਤੀ ਨਾਲ ਹੋਇਆ ਹੈ।
ਕਾਰ ਸਵਾਰ ਵੀ ਵਾਲ-ਵਾਲ ਬਚੇ
ਇਸ ਹਾਦਸੇ ਵਿੱਚ ਕਾਰ ਸਵਾਰ ਵੀ ਵਾਲ-ਵਾਲ ਬਚ ਗਏ। ਕਾਰ ਦਾ ਏਅਰ ਬੈਗ ਖੁੱਲ੍ਹਣ ਕਾਰਨ ਉਸ ਦੀ ਜਾਨ ਬਚ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਘਟਨਾ ਬਾਰੇ ਬੱਚਿਆਂ ਅਤੇ ਸਕੂਲ ਨੂੰ ਵੀ ਸੂਚਿਤ ਕਰ ਦਿੱਤਾ ਹੈ। ਸਕੂਲ ਪ੍ਰਬੰਧਕਾਂ ਵੱਲੋਂ ਇਸ ਬਾਰੇ ਕੋਈ ਬਿਆਨ ਨਹੀਂ ਆਇਆ ਹੈ।
ਠੰਢ ਕਾਰਨ ਸਕੂਲ ਬੰਦ ਰਹੇ
ਦੱਸ ਦੇਈਏ ਕਿ ਪੰਜਾਬ 'ਚ ਲਗਾਤਾਰ ਪੈ ਰਹੀ ਠੰਡ ਅਤੇ ਧੁੰਦ ਕਾਰਨ ਸਕੂਲਾਂ 'ਚ 7 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਜਿਸ ਕਾਰਨ ਅੱਜ ਤੋਂ ਪੂਰੇ ਸੂਬੇ 'ਚ ਸਕੂਲ ਮੁੜ ਖੁੱਲ੍ਹ ਰਹੇ ਹਨ ਅਤੇ ਸਕੂਲ ਖੁੱਲ੍ਹਣ ਦੇ ਪਹਿਲੇ ਹੀ ਦਿਨ ਬੱਚਿਆਂ ਨਾਲ ਇਹ ਹਾਦਸਾ ਵਾਪਰ ਗਿਆ।