ਜਲੰਧਰ ਪੁਲਿਸ ਨੇ ਅੱਜ ਸਵੇਰੇ ਯੂਟਿਊਬਰ ਰੋਜਰ ਸੰਧੂ ਦੇ ਘਰ 'ਤੇ ਗ੍ਰਨੇਡ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਇੱਕ ਮੁਕਾਬਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਹਾਰਦਿਕ ਕੰਬੋਜ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੀਆਈਜੀ ਨਵੀਨ ਸਿੰਗਲਾ ਨੇ ਇਸ ਮਾਮਲੇ ਸਬੰਧੀ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਬਾਬਾ ਸਿੱਦੀਕੀ ਕਤਲ ਕੇਸ ਦੇ ਮੁੱਖ ਦੋਸ਼ੀ ਜ਼ੀਸ਼ਾਨ ਅਖਤਰ ਦਾ ਸਾਥੀ ਹੈ।
2-3 ਮੁਲਜ਼ਮਾਂ ਨੇ ਇਸ ਘਟਨਾ ਨੂੰ ਦਿੱਤਾ ਅੰਜਾਮ
ਡੀਆਈਜੀ ਸਿੰਗਲਾ ਨੇ ਕਿਹਾ ਕਿ ਇਸ ਪੂਰੀ ਘਟਨਾ ਨੂੰ 2 ਤੋਂ 3 ਮੁਲਜ਼ਮਾਂ ਨੇ ਅੰਜਾਮ ਦਿੱਤਾ। ਹਮਲਾਵਰ ਬਾਬਾ ਸਿੱਦੀਕੀ ਕਤਲ ਕੇਸ ਦੇ ਮੁੱਖ ਦੋਸ਼ੀ ਜ਼ੀਸ਼ਾਨ ਅਖਤਰ ਦਾ ਸਾਥੀ ਹੈ। ਜ਼ੀਸ਼ਾਨ ਪਹਿਲਾਂ ਹੀ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ, ਉਸਦੇ ਖਿਲਾਫ ਪਹਿਲਾਂ ਹੀ ਕਈ ਮਾਮਲੇ ਦਰਜ ਹਨ। ਯੂਟਿਊਬਰ ਰੋਜਰ ਸੰਧੂ ਅਤੇ ਸ਼ਹਿਜ਼ਾਦ ਭੱਟੀ ਸੋਸ਼ਲ ਮੀਡੀਆ 'ਤੇ ਸਰਗਰਮ ਹਨ।
ਹਮਲਾ ਆਰਜੀਐਸ ਗ੍ਰਨੇਡ ਨਾਲ ਕੀਤਾ ਗਿਆ
ਡੀਆਈਜੀ ਨੇ ਅੱਗੇ ਕਿਹਾ ਕਿ ਰੋਜਰ ਸੰਧੂ ਕੋਲ ਯੂ ਕੇ ਦੀ ਪੀਆਰ ਹੈ ਅਤੇ ਸ਼ਹਿਜ਼ਾਦ ਭੱਟੀ ਦੇ ਘਰ ਇਸਲਾਮ ਵਿਰੁੱਧ ਬੋਲਣ ਕਾਰਨ ਹਮਲਾ ਹੋਇਆ। ਉਸਦੇ ਘਰ 'ਤੇ ਇੱਕ RGS ਕਿਸਮ ਦਾ ਗ੍ਰਨੇਡ ਸੁੱਟਿਆ ਗਿਆ। ਇਹ ਗ੍ਰਨੇਡ ਹਾਰਦਿਕ ਨੂੰ ਉਸਦੇ ਦੋਸਤ ਨੇ ਮੁਹੱਈਆ ਕਰਵਾਇਆ ਸੀ, ਜਿਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹਾਰਦਿਕ ਸੋਸ਼ਲ ਮੀਡੀਆ ਰਾਹੀਂ ਜ਼ੀਸ਼ਾਨ ਦੇ ਸੰਪਰਕ ਵਿੱਚ ਆਇਆ ਅਤੇ ਉਸਨੂੰ ਇਹ ਕੰਮ ਕਰਨ ਲਈ ਦਿਮਾਗੀ ਤੌਰ 'ਤੇ ਪ੍ਰੇਰਿਤ ਕੀਤਾ ਗਿਆ।
ਯਮੁਨਾ ਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ
ਇਸ ਘਟਨਾ ਦੇ ਸਬੰਧ ਵਿੱਚ ਹਾਰਦਿਕ ਕੰਬੋਜ ਨੂੰ ਯਮੁਨਾ ਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਪੁਲਸ ਹਾਰਦਿਕ ਨੂੰ ਗ੍ਰਨੇਡ ਸੁੱਟਣ ਦੇ ਮਾਮਲੇ ਵਿੱਚ ਉਸ ਜਗ੍ਹਾ ਲੈ ਗਈ, ਜਿੱਥੇ ਉਸ ਨੇ ਹਥਿਆਰ ਲੁਕਾਇਆ ਸੀ, ਉਸਨੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿੱਚ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗ ਗਈ। ਜ਼ਖਮੀ ਦੋਸ਼ੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।