ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਦੋ ਦਿਨਾਂ 'ਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਕੇਜਰੀਵਾਲ ਨੇ ਅੱਜ ਰਵੀ ਸ਼ੰਕਰ ਸ਼ੁਕਲਾ ਲੇਨ 'ਤੇ ਸਥਿਤ ਪਾਰਟੀ ਦਫਤਰ 'ਚ ਵਰਕਰਾਂ ਨੂੰ ਸੰਬੋਧਨ ਕੀਤਾ।
ਦੱਸ ਦੇਈਏ ਕਿ ਕੇਜਰੀਵਾਲ ਸ਼ੁੱਕਰਵਾਰ ਨੂੰ ਤਿਹਾੜ ਜੇਲ੍ਹ ਤੋਂ ਬਾਹਰ ਆਏ ਸਨ। ਉਨ੍ਹਾਂ ਨੂੰ ਸੀਬੀਆਈ ਕੇਸ 'ਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੀਐਮ ਕੇਜਰੀਵਾਲ ਨੇ ਕਿਹਾ ਕਿ ਮੈਂ 2 ਦਿਨਾਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਰੱਬ ਦਾ ਸ਼ੁਕਰ ਹੈ ਕਿ ਉਹ ਔਖੇ ਸਮੇਂ ਵਿੱਚ ਸਾਡੇ ਨਾਲ ਸਨ।
ਉਨ੍ਹਾਂ ਕਿਹਾ ਕਿ ਅੱਜ ਮੈਂ ਜਨਤਾ ਨੂੰ ਪੁੱਛਣ ਆਇਆ ਹਾਂ ਕਿ ਤੁਸੀਂ ਕੇਜਰੀਵਾਲ ਨੂੰ ਇਮਾਨਦਾਰ ਮੰਨਦੇ ਹੋ ਜਾਂ ਅਪਰਾਧੀ, ਹੁਣ ਮੈਂ ਸੀਐੱਮ ਦੀ ਕੁਰਸੀ 'ਤੇ ਉਦੋਂ ਤੱਕ ਨਹੀਂ ਬੈਠਾਂਗਾ ਜਦੋਂ ਤੱਕ ਦਿੱਲੀ ਦੀ ਜਨਤਾ ਆਪਣਾ ਫੈਸਲਾ ਨਹੀਂ ਦੇ ਦਿੰਦੀ।
2-3 ਦਿਨਾਂ 'ਚ ਨਵੇਂ ਮੁੱਖ ਮੰਤਰੀ ਦੀ ਹੋਵੇਗੀ ਚੋਣ
ਉਨ੍ਹਾਂ ਕਿਹਾ ਕਿ ਭਾਜਪਾ ਨੇ ਮੇਰੇ 'ਤੇ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ, ਹੁਣ ਮੇਰੀ ਇਮਾਨਦਾਰੀ ਦਾ ਫੈਸਲਾ ਜਨਤਾ ਦੀ ਅਦਾਲਤ 'ਚ ਹੋਵੇਗਾ। ਦੋ-ਤਿੰਨ ਦਿਨਾਂ ਵਿੱਚ ਵਿਧਾਇਕਾਂ ਦੀ ਮੀਟਿੰਗ ਵਿੱਚ ਨਵੇਂ ਮੁੱਖ ਮੰਤਰੀ ਦੀ ਚੋਣ ਕੀਤੀ ਜਾਵੇਗੀ। ਚੋਣਾਂ ਤੱਕ ਮੈਂ ਮੁੱਖ ਮੰਤਰੀ ਦੀ ਕੁਰਸੀ 'ਤੇ ਨਹੀਂ ਬੈਠਾਂਗਾ।
ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਸਿਸੋਦੀਆ 'ਤੇ ਵੀ ਉਹੀ ਦੋਸ਼ ਹਨ ਜੋ ਮੇਰੇ 'ਤੇ ਲੱਗੇ ਹਨ । ਉਨ੍ਹਾਂ ਦਾ ਵੀ ਇਹਿ ਸੋਚਣਾ ਹੈ ਕਿ ਉਹ ਅਹੁਦਾ ਨਹੀਂ ਸੰਭਾਲਣਗੇ, ਚੋਣਾਂ ਜਿੱਤਣ ਤੋਂ ਬਾਅਦ ਹੀ ਕੇ ਹੀ ਇਹ ਅਹੁਦਾ ਸੰਭਾਲਣਗੇ।
2013 ਤੋਂ ਕੇਜਰੀਵਾਲ ਦੀ ਸਰਕਾਰ
ਦੱਸ ਦਈਏ ਕਿ 2013 ਤੋਂ ਬਾਅਦ ਦਿੱਲੀ 'ਚ ਲਗਾਤਾਰ ਤਿੰਨ ਵਾਰ ਕੇਜਰੀਵਾਲ ਦੀ ਸਰਕਾਰ ਬਣੀ । ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦਾ ਕਾਰਜਕਾਲ ਫਰਵਰੀ 2025 ਵਿੱਚ ਖਤਮ ਹੋਣ ਜਾ ਰਿਹਾ ਹੈ। ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ 2013 ਤੋਂ ਦਿੱਲੀ ਵਿੱਚ ਸੱਤਾ 'ਚ ਹੈ।